The Khalas Tv Blog Khetibadi ਪੰਜਾਬ ਨੂੰ ‘ਪੁਲਿਸ ਸਟੇਟ’ ਬਣਾਉਣ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੂਬਾ ਪੱਧਰੀ ਰੋਸ ਮਾਰਚ
Khetibadi Punjab

ਪੰਜਾਬ ਨੂੰ ‘ਪੁਲਿਸ ਸਟੇਟ’ ਬਣਾਉਣ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੂਬਾ ਪੱਧਰੀ ਰੋਸ ਮਾਰਚ

ਅੰਮ੍ਰਿਤਸਰ(11 ਮਾਰਚ, 2026): ਕਿਸਾਨ ਮਜ਼ਦੂਰ ਮੋਰਚਾ (ਕੇ.ਐਮ.ਐਮ.) ਦੇ ਪੰਜਾਬ ਚੈਪਟਰ ਵੱਲੋਂ ਅੱਜ ਪੂਰੇ ਸੂਬੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ‘ਨਸ਼ੇ ਵਿਰੁੱਧ ਜੰਗ’ ਅਤੇ ‘ਗੈਂਗਸਟਰਾਂ ’ਤੇ ਪ੍ਰਹਾਰ’ ਦੇ ਨਾਮ ਹੇਠ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਰਹੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਐਸ.ਐਸ.ਪੀ. ਅਤੇ ਸੀ.ਪੀ. ਦਫ਼ਤਰਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਨਜਾਇਜ਼ ਕਤਲੋਗਾਰਦ ਅਤੇ ਝੂਠੇ ਪੁਲਿਸ ਮੁਕਾਬਲੇ ਬੰਦ ਕਰਨ ਦੀ ਮੰਗ ਕੀਤੀ।

ਅੰਮ੍ਰਿਤਸਰ ਵਿੱਚ ਹਜ਼ਾਰਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ 35 ਤੋਂ 45 ਅਜਿਹੇ ਪੁਲਿਸ ਮੁਕਾਬਲੇ ਹੋਏ ਹਨ ਜਿਨ੍ਹਾਂ ਵਿੱਚੋਂ 99% ਕੇਸਾਂ ਵਿੱਚ ਦੋਸ਼ੀਆਂ ਦੀਆਂ ਲੱਤਾਂ ਵਿੱਚ ਗੋਲ਼ੀਆਂ ਮਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਪਰਾਧ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਰ ‘ਅਪਰਾਧ ਦੇ ਬਦਲੇ ਅਪਰਾਧਿਕ ਕਾਰਵਾਈ’ ਲੋਕਤੰਤਰ ਦੇ ਖ਼ਿਲਾਫ਼ ਹੈ। ਮੋਰਚੇ ਨੇ ਮੰਗ ਕੀਤੀ ਕਿ ਇਨ੍ਹਾਂ ਸਾਰੇ ਮੁਕਾਬਲਿਆਂ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ।

ਆਗੂਆਂ ਨੇ ਗੁਰਦਾਸਪੁਰ ਦੇ ਰਣਜੀਤ ਸਿੰਘ ਦੇ ਮਾਮਲੇ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਉਸ ਦੀ ਮੌਤ ਪੁਲਿਸ ਮੁਕਾਬਲੇ ਵਿੱਚ ਨਹੀਂ ਬਲਕਿ ਹਿਰਾਸਤੀ ਤਸ਼ੱਦਦ ਕਾਰਨ ਹੋਈ ਜਾਪਦੀ ਹੈ, ਜਿਸ ਦੀ ਜਾਂਚ ਸੀ.ਬੀ.ਆਈ. (CBI) ਤੋਂ ਹੋਣੀ ਚਾਹੀਦੀ ਹੈ। 

ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਪੁਲਿਸ ਵੱਲੋਂ ਪਰਿਵਾਰਾਂ ਦਾ ਨਿੱਜੀ ਡਾਟਾ ਕੱਢ ਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਅਤੇ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਸਭਰਾ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ੰਬੂ-ਖਨੌਰੀ ਸਰਹੱਦ ’ਤੇ ਹੋਏ ਜਬਰ ਦੀ ਵੀ ਨਿਖੇਧੀ ਕੀਤੀ।

Exit mobile version