ਮੁਹਾਲੀ : ਪੰਜਾਬ ‘ਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ ਸਮਰਥਨ ‘ਚ ਅੱਜ 3 ਘੰਟੇ ਲਈ ਰੇਲਾਂ ਰੋਕੀਆਂ ਜਾ ਰਹੀਆਂ ਹਨ। ਦੁਪਹਿਰ 12 ਵਜੇ ਤੋਂ 48 ਥਾਵਾਂ ‘ਤੇ ਕਿਸਾਨ ਪਟੜੀਆਂ ‘ਤੇ ਬੈਠੇ ਹਨ, ਧਰਨਾ 3 ਵਜੇ ਤੱਕ ਜਾਰੀ ਰਹੇਗਾ। ਕਈ ਥਾਵਾਂ ‘ਤੇ ਕਿਸਾਨਾਂ ਦੇ ਨਾਲ-ਨਾਲ ਔਰਤਾਂ ਵੀ ਝੰਡੇ ਲੈ ਕੇ ਟਰੈਕ ‘ਤੇ ਖੜ੍ਹੀਆਂ ਹਨ।
ਸਭ ਤੋਂ ਵੱਧ ਰੋਸ ਪ੍ਰਦਰਸ਼ਨ ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਕੀਤੇ ਜਾ ਰਹੇ ਹਨ। ਕਿਸਾਨ ਆਗੂ ਸਰਵਣ ਪੰਧੇਰ ਵੱਲੋਂ 14 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਠਿੰਡਾ ਦੇ ਮੁਲਤਾਨੀਆ ਪੁਲ ਤੋਂ ਹੇਠਾਂ ਵਾਲਾ ਟ੍ਰੈਕ ਜਾਮ ਕੀਤਾ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਕੇਂਦਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।
ਕਿਸਾਨ ਆਗੂ ਸੁਖਦੇਵ ਸਿੰਘ ਮੰਗਲੀ ਨੇ ਦੱਸਿਆ, “ਟਰੈਕ 12 ਤੋਂ 3 ਵਜੇ ਤੱਕ ਬੰਦ ਰਹੇਗਾ। ਅੰਮ੍ਰਿਤਸਰ ਦੇ ਕਈ ਰੇਲਵੇ ਫਾਟਕਾਂ ‘ਤੇ ਅੱਜ ਕਿਸਾਨ ਹੜਤਾਲ ‘ਤੇ ਬੈਠੇ ਹਨ। ਅੰਮਿ੍ਤਸਰ ਦੇ ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ, ਕੱਥੂ ਨੰਗਲ, ਰਮਦਾਸ, ਜਹਾਂਗੀਰ, ਝੰਡੇ ਅਤੇ ਰੇਲਵੇ ਸਟੇਸ਼ਨਾਂ ‘ਤੇ ਕਿਸਾਨਾਂ ਦੇ ਵੱਖ-ਵੱਖ ਜਥੇ 12 ਤੋਂ 3 ਵਜੇ ਤੱਕ ਰੇਲ ਗੱਡੀ ਰੋਕਣ ਲਈ ਬੈਠੇ ਹਨ।
ਧੰਨੋਵਾਲੀ ਫਾਟਕ ’ਤੇ ਕਿਸਾਨਾਂ ਨੇ ਲਗਾਇਆ ਜਾਮ
ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ’ਤੇ ਸਥਿਤ ਧੰਨੋਵਾਲੀ ਫਾਟਕ ’ਤੇ ਕਿਸਾਨ ਯੂਨੀਅਨ ਵਲੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਸਾਹਨੇਵਾਲ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਨੇ ਦਿੱਤਾ ਧਰਨਾ
ਲੁਧਿਆਣਾ ਦੇ ਸਾਹਨੇਵਾਲ ਰੇਲਵੇ ਸਟੇਸ਼ਨ ’ਤੇ ਵੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਰੇਲਵੇ ਟਰੈਕ ’ਤੇ ਧਰਨਾ ਲਗਾ ਕੇ ਰੇਲਵੇ ਟਰੈਕ ਨੂੰ ਜਾਮ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਤੇ ਸੂਬਾ ਸਰਕਾਰ ’ਤੇ ਜੰਮ ਕੇ ਨਿਸ਼ਾਨਾ ਵੀ ਸਾਧਿਆ ਹੈ।
ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਕਿਸਾਨ ਅੰਦੋਲਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਰੇਲਵੇ ਸਟੇਸ਼ਨ ’ਤੇ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਪ੍ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਆਖਰੀ ਰੇਲ ਗੱਡੀ ਦਾ ਦਾਦਰ ਐਕਸਪ੍ਰੈਸ ਸਵੇਰੇ 9.40 ਵਜੇ ਰਵਾਨਾ ਹੋਈ, ਉਸ ਤੋਂ ਬਾਅਦ ਕਿਸਾਨ ਰੇਲਵੇ ਟਰੈਕ ’ਤੇ ਬੈਠ ਗਏ।
ਤਲਵੰਡੀ ਭਾਈ ਵਿਖੇ ਕਿਸਾਨਾਂ ਨੇ ਰੇਲ ਮਾਰਗ ਤੇ ਲਗਾਇਆ ਧਰਨਾ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਤਲਵੰਡੀ ਭਾਈ ਵਿਖ਼ੇ ਫ਼ਿਰੋਜ਼ਪੁਰ ਲੁਧਿਆਣਾ ਰੇਲ ਮਾਰਗ ’ਤੇ ਧਰਨਾ ਮਾਰ ਕੇ ਰੇਲ ਆਵਾਜਾਈ ਠੱਪ ਕਰ ਦਿੱਤੀ ਗਈ।