The Khalas Tv Blog Punjab ਕਿੱਥਾਂ ਗੁਜ਼ਾਰੀ ਆਈ ਰਾਤ ਵੇ… ਭਾਜਪਾ ਲੀਡਰਾਂ ਲਈ ਰਾਤ ਹੋਈ ਲੰਬੀ
Punjab

ਕਿੱਥਾਂ ਗੁਜ਼ਾਰੀ ਆਈ ਰਾਤ ਵੇ… ਭਾਜਪਾ ਲੀਡਰਾਂ ਲਈ ਰਾਤ ਹੋਈ ਲੰਬੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਵਿੱਚ ਕੱਲ੍ਹ ਕਿਸਾਨਾਂ ਨੇ ਬੀਜੇਪੀ ਦੇ ਸਥਾਨਕ ਲੀਡਰ ਭਾਵੇਸ਼ ਅਗਰਵਾਲ ਦਾ ਜ਼ਬਰਦਸਤ ਵਿਰੋਧ ਕੀਤਾ। ਕਿਸਾਨਾਂ ਨੇ ਬੀਜੇਪੀ ਲੀਡਰ ਦੇ ਗੰਨਮੈਨ ‘ਤੇ ਪਿਸਤੌਲ ਦਿਖਾਉਣ ਦੇ ਦੋਸ਼ ਲਾਏ ਹਨ। ਕਿਸਾਨਾਂ ਨੇ ਕਿਹਾ ਕਿ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਧਮਕਾਇਆ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਬੀਪੇਜੀ ਲੀਡਰ ਦੇ ਗੰਨਮੈਨ ਨੇ ਉਨ੍ਹਾਂ ਨੂੰ ਪਹਿਲਾਂ ਪਿਸਤੌਲ ਦਿਖਾਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ ਅਤੇ ਬੀਡੇਪੀ ਲੀਡਰ ਭਾਵੇਸ਼ ਅਗਰਵਾਲ ਨੂੰ ਮੁਆਫੀ ਮੰਗਣ ਲਈ ਕਿਹਾ। ਕੱਲ੍ਹ ਸਾਰੀ ਰਾਤ ਬੀਜੇਪੀ ਲੀਡਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਕੀ ਹੈ ਮਾਮਲਾ ?

ਰਾਜਪੁਰਾ ਵਿੱਚ ਬੀਜੇਪੀ ਲੀਡਰ ਇੱਕ ਮੀਟਿੰਗ ਕਰਨ ਲਈ ਪਹੁੰਚੇ ਸਨ ਅਤੇ ਕਿਸਾਨਾਂ ਨੇ ਬੀਜੇਪੀ ਲੀਡਰਾਂ ਦਾ ਵਿਰੋਧ ਕੀਤਾ। ਇਸ ਦੌਰਾਨ ਪੁਲਿਸ ਨੇ ਬੀਜੇਪੀ ਲੀਡਰਾਂ ਨੂੰ ਮੌਕੇ ਤੋਂ ਬਾਹਰ ਕੱਢਿਆ। ਕਿਸਾਨਾਂ ਨੇ ਬੀਜੇਪੀ ਲੀਡਰ ਦਾ ਰਾਹ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਕਿਸਾਨਾਂ ਦੇ ਵਿਰੋਧ ਕਾਰਨ ਇਨ੍ਹਾਂ ਬੀਜੇਪੀ ਲੀਡਰਾਂ ਨੇ ਇੱਕ ਘਰ ਵਿੱਚ ਆਪਣਾ ਡੇਰਾ ਬਣਾ ਲਿਆ। ਇਸ ਤੋਂ ਬਾਅਦ ਭਾਵੇਸ਼ ਅਗਰਵਾਲ ਦੇ ਗੰਨਮੈਨ ਨੇ ਪਿਸਤੌਲ ਕੱਢ ਕੇ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਕਿਸਾਨਾਂ ਨੇ ਰੋਹ ਵਿੱਚ ਆ ਕੇ ਇਸਦਾ ਵਿਰੋਧ ਕੀਤਾ ਅਤੇ ਅਗਰਵਾਲ ਨੂੰ ਇਸ ਦੇ ਲਈ ਮੁਆਫੀ ਮੰਗਣ ਲਈ ਕਿਹਾ। ਬੀਜੇਪੀ ਲੀਡਰ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਗੁੱਸੇ ਵਿੱਚ ਆ ਕੇ ਉਸ ਘਰ ਦੀ ਬਿਜਲੀ ਕੱਟ ਦਿੱਤੀ, ਜਿੱਥੇ ਬੀਜੇਪੀ ਲੀਡਰਾਂ ਨੇ ਕਿਸਾਨਾਂ ਤੋਂ ਬਚਣ ਲਈ ਸ਼ਰਨ ਲਈ ਹੋਈ ਸੀ। ਪੁਲਿਸ ਆਪਣੀ ਆਪਸੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਦੀ ਰਹੀ ਅਤੇ ਪੂਰੀ ਰਾਤ ਕਿਸਾਨਾਂ, ਪ੍ਰਸ਼ਾਸਨ ਅਤੇ ਬੀਜੇਪੀ ਲੀਡਰਾਂ ਵਿਚਾਲੇ ਗੱਲਬਾਤ ਹੁੰਦੀ ਰਹੀ।

ਬੀਜੇਪੀ ਹਾਈਕਮਾਨ ਦੇ ਸੰਪਰਕ ਵਿੱਚ ਰਹੇ ਲੀਡਰ

ਬੀਜੇਪੀ ਹਾਈਕਮਾਨ ਬੰਦੀ ਬਣਾਏ ਹੋਏ ਬੀਜੇਪੀ ਲੀਡਰਾਂ ਦੇ ਸੰਪਰਕ ਵਿੱਚ ਸੀ। ਇਸਦਾ ਖੁਲਾਸਾ ਉਸ ਘਰ ਦੇ ਮਾਲਿਕ ਬੀਜੇਪੀ ਲੀਡਰ ਅਜੇ ਚੌਹਾਨ ਨੇ ਕੀਤਾ ਹੈ, ਜਿਸ ਘਰ ਵਿੱਚ ਇਹ ਬੀਜੇਪੀ ਲੀਡਰ ਠਹਿਰੇ ਹੋਏ ਸਨ ਅਤੇ ਜਿਸ ਘਰ ਦਾ ਕਿਸਾਨਾਂ ਨੇ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਭਾਵੇਸ਼ ਅਗਰਵਾਲ ਵੱਲੋਂ ਲਗਾਤਾਰ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਘਰ ਦੇ ਅੰਦਰ ਪਾਜ਼ੀਟਿਵ ਮਾਹੌਲ ਬਣਿਆ ਹੋਇਆ ਸੀ ਅਤੇ ਪਟਿਆਲਾ ਪ੍ਰਸ਼ਾਸਨ ਨੇ ਆਪਣੀ ਚੰਗੀ ਜ਼ਿੰਮੇਵਾਰੀ ਨਿਭਾਈ।

ਹਾਈਕੋਰਟ ਨੇ ਭੇਜੇ ਹੁਕਮ

ਇਸ ਵਿਚਾਲੇ ਹਾਈਕੋਰਟ ਨੇ ਬੀਜੇਪੀ ਲੀਡਰਾਂ ਦੀ ਸੁਰੱਖਿਅਤ ਰਿਹਾਈ ਕਰਨ ਦੇ ਹੁਕਮ ਭੇਜੇ। ਅੱਜ ਸਵੇਰੇ ਚਾਰ ਵਜੇ ਪੁਲਿਸ ਬੀਜੇਪੀ ਲੀਡਰਾਂ ਨੂੰ ਘਰ ਤੋਂ ਬਾਹਰ ਕੱਢਦੀ ਹੈ। ਪੁਲਿਸ ਵੱਲੋਂ ਚਕਮਾ ਦੇਣ ਤੋਂ ਕਿਸਾਨ ਹੋਰ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਬੀਜੇਪੀ ਲੀਡਰਾਂ ਨੂੰ ਬਾਹਰ ਕੱਢਣ ਸਮੇਂ ਗੱਡੀਆਂ ਦੀ ਭੰਨ-ਤੋੜ ਵੀ ਕੀਤੀ ਗਈ। ਅਦਾਲਤ ਨੇ 12 ਜੁਲਾਈ ਨੂੰ ਮਾਮਲੇ ਦੀ ਪੂਰੀ ਰਿਪੋਰਟ ਮੰਗੀ ਹੈ। ਅਦਾਲਤ ਨੇ 12 ਜੁਲਾਈ ਨੂੰ ਦੁਪਹਿਰ 2 ਵਜੇ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਬੀਜੇਪੀ ਨੇ ਚੁੱਕੇ ਸਵਾਲ

ਬੀਜੇਪੀ ਨੇ ਇਸ ਹਮਲੇ ਨੂੰ ਲੈ ਕੇ ਪੁਲਿਸ ਅਤੇ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ ਧਰਮ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਪਟਿਆਲਾ ਦੇ ਐੱਸਐੱਸਪੀ ਅਤੇ ਡੀਐੱਸਪੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੀਜੇਪੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਅੰਦਰ ਲੋਕਤੰਤਰ ਨਾਲ ਧੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ, ਸੀਪੀਆਈ, ਸੀਪੀਐੱਮ ਅਤੇ ਕਾਂਗਰਸ ਦੇ ਵਰਕਰਾਂ ਨੇ ਕਿਸਾਨਾਂ ਦਾ ਭੇਸ ਧਾਰ ਕੇ ਬੀਜੇਪੀ ਲੀਡਰਾਂ ‘ਤੇ ਹਮਲਾ ਕੀਤਾ। ਪੰਜਾਬ ਦੇ ਅੰਦਰ ਬੀਜੇਪੀ ਦੀਆਂ ਮੀਟਿੰਗਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗਰੇਵਾਲ ਨੇ ਕੀਤੀ ਨਿਖੇਧੀ

ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਕਿਸ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਦਾ ਅਧਿਕਾਰ ਦਿੱਤਾ ਹੈ। ਪੰਜਾਬ ਦੇ ਅੰਦਰ ਅਰਾਜਕਤਾ ਫੈਲ ਰਹੀ ਹੈ। ਹਰਿਆਣਾ ਵਿੱਚ ਵੀ ਅਜਿਹਾ ਕੁੱਝ ਹੀ ਹੁੰਦਾ ਹੈ। ਸਰਕਾਰਾਂ ਦਾ ਕੰਮ ਸ਼ਾਂਤੀ ਕਾਇਮ ਰੱਖਣਾ ਹੈ ਅਤੇ ਹਰ ਕਿਸੇ ਨੂੰ ਬੋਲਣ ਦਾ ਲੋਕਤੰਤਰਿਕ ਅਧਿਕਾਰ ਹੈ। ਇਹ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹਨ ਅਤੇ ਮੁਆਫੀਆਂ ਸਾਡੇ ਤੋਂ ਮੰਗਵਾ ਰਹੇ ਹਨ। ਇਹ ਸਿਰਫ ਭੁਪੇਸ਼ ਅਗਰਵਾਲ ਨਾਲ ਗੱਲ ਕਰਦੇ, ਜੇ ਉਨ੍ਹਾਂ ਨੇ ਕੁੱਝ ਕਿਹਾ ਸੀ, ਬਾਕੀਆਂ ਨੂੰ ਇਨ੍ਹਾਂ ਨੇ ਕਿਉਂ ਘੇਰ ਕੇ ਰੱਖਿਆ ਸੀ। ਅਸੀਂ ਮੁਆਫੀ ਕਿਉਂ ਮੰਗੀਏ, ਗਲਤੀ ਇਹ ਕਰਦੇ ਹਨ। ਅਸੀਂ ਕਿਸੇ ਦੀ ਮੱਝ ਜਾਂ ਬੱਕਰੀ ਖੋਲ੍ਹੀ ਹੈ, ਜੋ ਅਸੀਂ ਮੁਆਫੀ ਮੰਗੀਏ। ਅਸੀਂ ਕੋਈ ਮੁਆਫੀ ਨਹੀਂ ਮੰਗਾਂਗੇ। ਗਰੇਵਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਤਾਂ ਅਸੀਂ ਮੀਟਿੰਗਾਂ ਕਰਾਂਗੇ ਭਾਵੇਂ ਸਾਨੂੰ ਜਾਨ ਤੋਂ ਮਾਰ ਦੇਣ। ਅੰਦੋਲਨ ਨੂੰ ਸ਼ਾਂਤਮਈ ਰੱਖਣ ਦੀ ਜ਼ਿੰਮੇਵਾਰੀ ਕਿਸਾਨਾਂ ਦੀ ਹੈ। ਬੀਜੇਪੀ ਦੇ ਕਿਸੇ ਵੀ ਬੰਦੇ ਨੇ ਕੋਈ ਪਿਸਤੌਲ ਨਹੀਂ ਦਿਖਾਈ। ਜਿਸਨੇ ਪਿਸਤੌਲ ਦਿਖਾਈ, ਉਹ ਸਾਡਾ ਗੰਨਮੈਨ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਭੁਪੇਸ਼ ਅਗਰਵਾਲ ਨੂੰ ਕਿਸਾਨਾਂ ਨੇ ਇੰਨਾ ਮਾਰਿਆ ਹੈ ਕਿ ਉਨ੍ਹਾਂ ਦੇ ਬਹੁਤ ਸੱਟਾਂ ਲੱਗੀਆਂ ਹਨ ਅਤੇ ਅਸੀਂ ਉਨ੍ਹਾਂ ਦਾ ਮੈਡੀਕਲ ਕਰਾਵਾਂਗੇ।

Exit mobile version