‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ‘ਤੇ ਅੱਜ ਕਿਸਾਨਾਂ ਦੀ ਫੈਸਲਾਕੁੰਨ ਬੈਠਕ ਹੋ ਰਹੀ ਹੈ। ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰ ਦਰਸ਼ਨਪਾਲ ਨੇ ਕਿਹਾ ਕਿ ਸਰਕਾਰ ਦੇ ਰਵੱਈਏ ਤੋਂ ਕਿਸਾਨਾਂ ਵਿੱਚ ਗੁੱਸਾ ਹੈ ਕਿਉਂਕਿ ਸਰਕਾਰ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਟਰੈਕਟਰ ਮਾਰਚ ਦੀ ਮੰਗ ਉੱਠ ਰਹੀ ਹੈ।
ਕਿਸਾਨ ਲੀਡਰ ਯੋਗੇਂਦਰ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਜਿਸਦਾ ਅਸੀਂ ਸਵਾਗਤ ਕੀਤਾ। ਅਸੀਂ ਬਾਅਦ ਵਿੱਚ ਸਰਕਾਰ ਨੂੰ ਆਪਣੀਆਂ ਬਾਰੀ ਮੰਗਾਂ ਬਾਰੇ ਚਿੱਠੀ ਵੀ ਲਿਖੀ ਹੈ ਪਰ ਉਨ੍ਹਾਂ ਬਕਾਇਆ ਮੁੱਦਿਆਂ ਉੱਤੇ ਸਰਕਾਰ ਦਾ ਕੋਈ ਜਵਾਬ ਨਹੀਂ ਆਇਆ ਹੈ। ਅਸੀਂ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਪੰਜ ਮੈਂਬਰੀ ਕਮੇਟੀ ਵੀ ਬਣਾਈ ਹੈ। ਸਵਾਲ ਉੱਠਦਾ ਹੈ ਕਿ ਕੀ ਸਰਕਾਰ ਇਸ ਮੁੱਦੇ ਨੂੰ ਸਮੇਟਣ ਵਿੱਚ ਗੰਭੀਰ ਹੈ ਜਾਂ ਨਹੀਂ। ਕੀ ਸਰਕਾਰ ਇਸ ਮੁੱਦੇ ਨੂੰ ਲਟਕਾਉਣਾ ਚਾਹੁੰਦੀ ਹੈ।