‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੱਕ ਪਾਸੇ ਸਰਕਾਰ ਖੇਤੀ ਕਾਨੂੰਨ ਰੱਦ ਕਰ ਰਹੀ ਹੈ, ਕਿਸਾਨਾਂ ਨਾਲ ਸਮਝੌਤੇ ਦੀਆਂ ਗੱਲਾਂ ਕਰ ਰਹੀ ਹੈ, ਦੂਸਰੇ ਪਾਸੇ ਦਿੱਲੀ ਦੀ ਪੁਲਿਸ ਸਿੱਖਾਂ ਅਤੇ ਕਿਸਾਨਾਂ ਨੂੰ ਦਿੱਲੀ ਵਿੱਚ ਐਂਟਰੀ ਤੋਂ ਰੋਕ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦਿੱਲੀ ਵਿੱਚ ਮੋਰਚੇ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਮੁੜ ਨਾਕੇਬੰਦੀ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਮੋਰਚੇ ‘ਤੇ ਸਵੇਰ ਤੋਂ ਹੀ ਨਾਕੇਬੰਦੀ ਕੀਤੀ ਹੋਈ ਹੈ ਜਿਸ ਕਰਕੇ ਸਵੇਰੇ 4 ਵਜੇ ਤੋਂ ਇੱਥੇ ਸੜਕਾਂ ‘ਤੇ ਜਾਮ ਲੱਗਾ ਹੋਇਆ ਹੈ। ਫੋਰਸ ਵੱਲੋਂ ਸੜਕ ਦੇ ਵਿਚਕਾਰ ਗੱਡੀਆਂ ਖੜੀਆਂ ਕਰਕੇ ਰਸਤਾ ਰੋਕਿਆ ਗਿਆ ਹੈ। ਪੰਧੇਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਵਿਰੋਧ ਕਰਕੇ ਉਹ ਜਾਮ ਖੁੱਲ੍ਹਵਾਏ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ, ਮੋਦੀ ਸਰਕਾਰ ਰੋਜ਼ ਸਵੇਰੇ ਤੰਗ ਪਰੇਸ਼ਾਨ ਕਰਦੀ ਹੈ।
ਦਿੱਲੀ ‘ਚ ਮੌਜੂਦ ਪੱਤਰਕਾਰ ਭਾਈਚਾਰੇ ਦੀ ਜਾਣਕਾਰੀ ਮੁਤਾਬਕ ਕੁੰਡਲੀ ਬਾਰਡਰ ਰਾਹੀਂ ਨਰੇਲਾ ਹੋ ਕੇ ਦਿੱਲੀ ਜਾਣ ਵਾਲੀਆਂ PB-CH ਨੰਬਰ ਦੀਆਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ। ਪ੍ਰੈੱਸ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਇਨ੍ਹਾਂ ਲੋਕਾਂ ਨੂੰ ਆਗਿਆ (permission) ਲੈਣ ਲਈ ਕਿਹਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਚੈਕਿੰਗ ਕਰਨ ਦਾ ਪੈਮਾਨਾ ਪੱਗ ਹੈ ਭਾਵ ਜਿਨ੍ਹਾਂ ਨੇ ਪੱਗ ਬੰਨ੍ਹੀ ਹੋਈ ਹੈ, ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਤੋਂ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਦਿੱਲੀ ਵਿੱਚ ਸਿੱਖਾਂ ਦੇ ਦਾਖਲੇ ‘ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ।
ਪਿੱਛੇ ਜਿਹੇ 80 ਦੇ ਕਰੀਬ ਨਿਹੰਗ ਸਿੰਘ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀ ਖੁਸ਼ੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ੁਕਰਾਨਾ ਕਰਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਵੀ ਪੁਲਿਸ ਨੇ ਰੋਕ ਲਿਆ ਸੀ ਅਤੇ ਆਪਣੀਆਂ ਬੱਸਾਂ ਵਿੱਚ ਬਿਠਾ ਕੇ ਲੈ ਕੇ ਗਏ ਸਨ। ਪੁਲਿਸ ਨੇ ਨਿਹੰਗ ਸਿੰਘਾਂ ਨੂੰ ਲਿਖਤੀ ਆਗਿਆ ਲੈ ਕੇ ਆਉਣ ਲਈ ਕਿਹਾ ਸੀ।
ਪੰਧੇਰ ਨੇ ਭਾਰਤ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਭਰੋਸੇ ਦੇਣ ਦੀ ਬਜਾਏ ਅਮਲ ਵਿੱਚ ਕੰਮ ਕਰਕੇ ਦਿਖਾਏ। ਪੰਧੇਰ ਨੇ ਐੱਮਐੱਸਪੀ ਕਾਨੂੰਨ ਦੀ ਗਾਰੰਟੀ ਵਾਲੀ ਮੰਗ ਮੁੜ ਦੁਹਰਾਈ। ਉਨ੍ਹਾਂ ਕਿਹਾ ਕਿ ਦਿੱਲੀ, ਚੰਡੀਗੜ ਵਿੱਚ ਕਿਸਾਨਾਂ ਉੱਤੇ ਜਿੰਨੇ ਵੀ ਕੇਸ ਦਰਜ ਹੋਏ ਹਨ, ਉਹ ਸਾਰੇ ਕੇਂਦਰ ਸਰਕਾਰ ਦੇ ਅਧੀਨ ਆਉਂਦੇ ਹਨ, ਜਿਸ ਕਰਕੇ ਸਰਕਾਰ ਨੂੰ ਤੁਰੰਤ ਉਹ ਸਾਰੇ ਕੇਸ ਰੱਦ ਕਰ ਦੇਣੇ ਚਾਹੀਦੇ ਹਨ ਅਤੇ ਬਾਕੀ ਸੂਬੇ ਵੀ ਸਾਰੇ ਕੇਸ ਵਾਪਸ ਲੈ ਲੈਣ। ਪੰਧੇਰ ਨੇ ਲਖੀਮਪੁਰ ਖੀਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।
ਪੰਧੇਰ ਨੇ ਚੰਨੀ ਸਰਕਾਰ ਨੂੰ ਪ੍ਰਦਰਸ਼ਨਕਾਰੀ ਕੱਚੇ ਮੁਲਾਜ਼ਮਾਂ, ਕੋਰੋਨਾ ਯੋਧਿਆਂ ਦੀਆਂ ਮੰਗਾਂ ਨੂੰ ਜਲਦ ਮੰਨਣ ਦੀ ਅਪੀਲ ਕੀਤੀ। ਪੰਧੇਰ ਨੇ ਇਨ੍ਹਾਂ ਸਾਰੇ ਮੁਲਾਜ਼ਮਾਂ ਦਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਅਸੀਂ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਪੰਧੇਰ ਨੇ 13 ਦਸੰਬਰ ਨੂੰ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਵੀ ਕੀਤਾ ਹੈ।