‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਵਾ ਸੌ ਕਰੋੜ ਦੇਸ਼ ਵਾਸੀਆਂ ਲਈ 2021 ਦਾ ਵਰ੍ਹਾ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਯਾਦਗਾਰੀ ਅਤੇ ਇਤਿਹਾਸਕ ਹੋ ਨਿੱਬੜਿਆ ਹੈ। ਅਜਿਹਾ ਅੰਦੋਲਨ ਸਦੀਆਂ ਬਾਅਦ ਉੱਗਦਾ ਹੈ ਜਿਹੜਾ ਸਾਂਝੀਵਾਲਤਾ, ਆਸਾਂ, ਉਮੀਦਾਂ ਅਤੇ ਲੋਕਤੰਤਰ ਨੂੰ ਪੁਨਰ ਜੀਵਤ ਕਰਨ ਦਾ ਸਬੱਬ ਬਣਦਾ ਹੈ। ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਸੱਚ ਕਹਾਂ ਤਾਂ ਦੇਸ਼ ਵਿਦੇਸ਼ ਤੋਂ ਲੋਕ ਇਵੇਂ ਆਉਂਦੇ ਰਹੇ ਜਿਵੇਂ ਤੀਰਥ ਅਸਥਾਨ ਦੀ ਯਾਤਰਾ ਨੂੰ ਨਿਕਲੇ ਹੋਣ। ਦੇਸ਼ ਵਾਸੀਆਂ ਨੂੰ ਸੰਘਰਸ਼ ਨੇ ਜ਼ਿੰਦਗੀ ਦੇ ਨਵੇਂ ਮਾਇਨੇ ਦੱਸੇ ਜਿਹੜੇ ਕਿਰ ਗਏ ਸਨ। ਪਰ ਇਸ ਸੰਘਰਸ਼ ਵਿੱਚ ਜਿੱਥੇ ਕਿਸਾਨਾਂ ਨੇ ਕੁੱਝ ਖੱਟਿਆ ਹੈ, ਉੱਥੇ ਹੀ ਬਹੁਤ ਕੁੱਝ ਗਵਾਇਆ ਵੀ ਹੈ। ਇਸ ਅੰਦੋਲਨ ਵਿੱਚ ਕਈ ਜਾਨਾਂ ਗਈਆਂ, ਕਿਸਾਨਾਂ ਦਾ ਪੈਸਾ ਗਿਆ, ਸਮਾਂ ਗਿਆ। ਕਿਸਾਨ ਅੰਦੋਲਨ ਦੌਰਾਨ ਕਈ ਉਤਰਾਅ-ਚੜਾਅ ਵੇਖਣ ਨੂੰ ਮਿਲੇ ਹਨ। ਕਿਸਾਨਾਂ ਦੇ ਇਸ ਅੰਦਲੋਨ ਨੂੰ ਕੌਮੀ ਤੇ ਕੌਮਾਂਤਰੀ ਪਛਾਣ ਮਿਲੀ ਹੈ।
ਅੰਦੋਲਨ ਨੇ 2014 ਤੋਂ 2020 ਤੱਕ ਖ਼ਤਰੇ ਵਿੱਚ ਪਏ ਲੋਕਤੰਤਰ ਨੂੰ ਦੁਬਾਰਾ ਤਾਕਤ ਦਿੱਤੀ। ਆਸਾਂ ਅਤੇ ਉਮੀਦਾਂ ਨੂੰ ਮੁੜ ਜੀਵਤ ਕੀਤਾ ਹੈ। ਪਿੰਡ ਤੋਂ ਲੈ ਕੇ ਦੇਸ਼ ਪੱਧਰ ਤੱਕ ਭਾਈਚਾਰਕ ਸਾਂਝ ਗੂੰਝੀ ਹੈ। ਪਰਿਵਾਰ, ਸਮਾਜ, ਪਿੰਡ, ਇੱਥੋਂ ਤੱਕ ਕਿ ਸੂਬੇ ਇੱਕ-ਦੂਜੇ ਦਾ ਸਹਾਰਾ ਬਣੇ। ਅੰਦੋਲਨ ਨੇ ਨਾ ਕੋਈ ਵੈਰੀ ਨਾ ਕੋਈ ਬੇਗਾਨੇ ਦਾ ਸੁਨੇਹਾ ਦਿੱਤਾ। ਪੰਜਾਬ ਦੀ ਨੌਜਵਾਨੀ ‘ਤੇ ਮੱਥੇ ‘ਤੇ ਵਿਹਲੜ ਅਤੇ ਨਸ਼ੇੜੀਆਂਦਾ ਲੱਗਾ ਦਾਗ ਧੋ ਦਿੱਤਾ। ਲੋਕਾਂ ਨੂੰ ਲਾਈਨਾਂ ਵਿੱਚ ਲੱਗ ਕੇ ਸਿਆਸੀ ਨੇਤਾਵਾਂ ਦੇ ਗਲਾਂ ਵਿੱਚ ਹਾਰ ਪਾਉਣ ਦੀ ਥਾਂ ਉਨ੍ਹਾਂ ਦੀਆਂ ਬਾਹਾਂ ਮਰੋੜਨ ਦੀ ਜਾਚ ਸਿਖਾਈ। ਲਖੀਮਪੁਰ ਖੀਰੀ ਵਿੱਚ ਕਿਸਾਨ ਅਤੇ ਟਿਕਰੀ ਬਾਰਡਰ ‘ਤੇ ਬੀਬੀਆਂ ਨੂੰ ਅੱਖਾਂ ਸਾਹਮਣੇ ਦਰੜਨ ਵੇਲੇ ਵੀ ਕਿਸਾਨਾਂ ਦੇ ਰੱਖੇ ਸਬਰ ਨੇ ਹਿੰ ਸਕ ਹੋਏ ਬਿਨਾਂ ਵੀ ਅੰਦੋਲਨ ਜਿੱਤਣ ਦੀ ਜਾਚ ਸਿਖਾਈ।
ਸਰਹੱਦਾਂ ਦੇ ਪੁੱਤ ਅਤੇ ਜ਼ਮੀਨਾਂ ਦੇ ਬਾਪ ਸ਼ਹੀ ਦ ਕਰਵਾ ਕੇ ਵੀ ਅਡੋਲ ਰਹਿਣ ਦਾ ਸੁਨੇਹਾ ਦਿੱਤਾ। ਇਹ ਕੌਮ ਹੈ ਵੀ ਤਾਂ ਉਸ ਬਾਪ ਦੀ, ਜਿਸਨੇ ਅੱਖਾਂ ਮੂਹਰੇ ਚਾਰ ਵਾਰ ਕੇ ਕਹਿ ਦਿੱਤਾ ਸੀ ਕਿ ਜੀਵਤ ਕਈ ਹਜ਼ਾਰ। ਅੰਦੋਲਨ ਨੇ ਇਹ ਵੀ ਦੱਸ ਦਿੱਤਾ ਕਿ ਬੇੜੀ ਬੰਨੇ ਲਾਉਣ ਲਈ ਸਿਆਸੀ ਸਰਪ੍ਰਸਤੀ ਦੀ ਲੋੜ ਨਹੀਂ ਹੁੰਦੀ। ਅੰਦੋਲਨ ਨੇ ਇਹ ਵੀ ਭਰਮ ਤੋੜਿਆ ਕਿ ਕੋਰੋਨਾ ਜਿਹੇ ਸੰਕਟ ਮੂਹਰੇ ਵੀ ਉਪਰਾਮਤਾ ਅਤੇ ਉਦਾਸੀ ਦੇ ਜਮੂਦ ਨੂੰ ਤੋੜਿਆ ਜਾ ਸਕਦਾ ਹੈ। ਲੋਕ ਮਾਯੂਸੀ ਦੇ ਆਲਮ ਵਿੱਚ ਸਨ ਅਤੇ ਉਨ੍ਹਾਂ ਨੂੰ ਆਪਣਾ ਭਵਿੱਖ ਹਨੇਰਾ ਨਜ਼ਰ ਆ ਰਿਹਾ ਸੀ ਅਤੇ ਇੰਝ ਲੱਗਦਾ ਸੀ ਕਿ ਪਰਵਾਸ ਇੱਕੋ-ਇੱਕ ਰਾਹ ਬਚਿਆ ਪਰ ਕਿਸਾਨੀ ਅੰਦੋਲਨ ਨੇ ਅਜਿਹੀ ਤਾਕਤ ਦਿੱਤੀ ਕਿ ਜ਼ਿੰਦਗੀ ਨੂੰ ਆਸ ਭਰਪੂਰ ਨਜ਼ਰੀਏ ਨਾਲ ਵੇਖਿਆ ਜਾਣ ਲੱਗਾ। ਪੰਜਾਬੀਆਂ ਦੀ ਸਿਆਸਤ, ਸੱਭਿਆਚਾਰਕ, ਸਮਾਜ, ਵਿਰਸੇ ਅਤੇ ਜੀਵਨ ਜਾਚ ਵਿੱਚ ਹਾਂ ਪੱਖੀ ਤਬਦੀਲੀਆਂ ਆਈਆਂ ਹਨ।
ਇਸ ਤੋਂ ਅਗਲੀ ਗੱਲ ਕਰੀਏ ਤਾਂ ਅੰਦੋਲਨ ਦੀ ਸਫ਼ਲਤਾ ਪਿੱਛੇ ਸਿੱਖ ਗੁਰੂਆਂ ਦੁਆਰਾ ਲੋਕਤੰਤਰ ਦੇ ਦਿੱਤੇ ਸੁਨੇਹੇ ਨੇ ਮਾਤਰ ਭੂਮਿਕਾ ਨਿਭਾਈ ਹੈ। ਪੰਜਾਬੀ ਪਹਿਲਾਂ ਤੋਂ ਹੀ ਜਬਰ, ਜੁਲਮ ਦੇ ਖਿਲਾਫ ਖੜਦੇ ਆਏ ਹਨ ਪਰ ਸਿੱਖ ਗੁਰੂਆਂ ਦੇ ਅਨਿਆਂ ਵਿਰੁੱਧ ਲੜਨ ਦੇ ਸੁਨੇਹੇ ਨੇ ਸੰਘਰਸ਼ ਦੇ ਨੈਣ ਨਕਸ਼ ਬਦਲ ਦਿੱਤੇ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ 1947 ਤੋਂ ਲੈ ਕੇ ਵੱਖ-ਵੱਖ ਲਹਿਰਾਂ ਅਤੇ ਮੋਰਚਿਆਂ ਦੀ ਰਵਾਇਤ ਨੇ ਅੰਦੋਲਨ ਨੂੰ ਸਿੰਜਿਆ ਅਤੇ ਤਾਕਤ ਦਿੱਤੀ। ਪੰਜਾਬ ਦਾ ਇਤਿਹਾਸ ਹਮੇਸ਼ਾ ਹੀ ਆਦਰਸ਼ ਰਿਹਾ ਹੈ। ਸਰਹੱਦੀ ਸੂਬਾ ਹੋਣ ਕਾਰਨ 1947 ਅਤੇ 1984 ਦੇ ਵੱਡੇ ਸੰਤਾਪ ਭੋਗੇ। ਬਾਵਜੂਦ ਇਸਦੇ ਆਪਣੇ ਵਿਰਸੇ ਨੂੰ ਗਵਾਚਣ ਨਹੀਂ ਦਿੱਤਾ। ਇਹੋ ਜਲੌਅ ਅੰਦੋਲਨ ਦੌਰਾਨ ਰਾਹ ਦਸੇਰਾ ਬਣਿਆ।
ਦੇਸ਼ ਦੇ ਹਾਕਮ ਸਮੇਤ ਸਿਆਸੀ ਮਾਹਿਰ ਅਤੇ ਅਰਥ ਸ਼ਾਸਤਰੀ ਅੰਦੋਲਨ ਦੀ ਜਿੱਤ ‘ਤੇ ਹੈਰਾਨ ਹਨ। ਬਹੁਤਿਆਂ ਦਾ ਮੰਨਣਾ ਸੀ ਕਿ ਹਾਕਮ ਆਪਣੇ ਸਾਧਨਾਂ ਤੇ ਵਸੀਲਿਆਂ ਨਾਲ ਅੰਦੋਲਨ ਦੀ ਸੰਘੀ ਘੁੱਟੀ ਦੇਵੇਗਾ। ਸਰਕਾਰ ਨੇ ਨੋਟਬੰਦੀ, ਜੰਮੂ ਕਸ਼ਮੀਰ ਦੇ ਹੱਕ ਸੀਮਤ ਕਰਨ ਜਿਹੇ ਜੇਤੂ ਹਮਲੇ ਕੀਤੇ ਸਨ। ਸ਼ਾਹੀਨ ਬਾਗ ਦਾ ਅੰਦੋਲਨ ਵੀ ਸਾਹਮਣੇ ਸੀ ਪਰ ਡੁੱਬ ਰਹੀ ਕਿਸਾਨੀ ਨੂੰ ਹੋਰ ਡੂੰਘਾ ਗੋਤਾ ਦੇਣ ਦੀ ਚਾਲ ਸਫ਼ਲ ਨਾ ਹੋ ਸਕੀ ਜਿਹੜੀ ਕਿ ਕਿਸਾਨਾਂ ਦੀ ਇਤਿਹਾਸਕ ਪ੍ਰਾਪਤੀ ਹੋ ਨਿੱਬੜੀ ਹੈ। ਕਿਸਾਨਾਂ ਦੀ ਜਿੱਤ ਨੇ ਸਿਆਸੀ ਮਾਹਿਰਾਂ ਨੂੰ ਹਾਕਮਾਂ ਦੀ ਤਾਕਤ ਵਿਚਲੀ ਕਚਿਆਈ ਤੋਂ ਚੰਗੀ ਤਰ੍ਹਾਂ ਜਾਣੂ ਕਰਵਾ ਦਿੱਤਾ ਹੈ। ਕੁੱਲ ਮਿਲਾ ਕੇ ਸ਼ਾਂਤਮਈ ਅੰਦੋਲਨ ਨੇ ਹਾਕਮ ਦੀ ਹਉਮੈ ਭੰਨੀ ਹੈ ਅਤੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਚੁਣੌਤੀ ਦਿੱਤੀ ਹੈ ਅਤੇ ਨਾਲ ਹੀ ਇਹ ਵੀ ਦੱਸ ਦਿੱਤਾ ਹੈ ਕਿ ਹਿੰਮਤ, ਸਬਰ, ਦ੍ਰਿੜਤਾ ਅਤੇ ਹੱਕ ਨਾਲ ਲੜਨ ਵਾਲੇ ਜੇਤੂ ਰਹਿੰਦੇ ਹਨ। ਅੰਦੋਲਨ ਨੇ ਨਵੇਂ ਨੈਤਿਕ ਮਿਆਰ ਵੀ ਕਾਇਮ ਕੀਤੇ ਹਨ। ਸਾਲ 2021 ਕਿਸਾਨਾਂ ਦੀ ਬਹਾਦਰੀ ਅਤੇ ਸੂਰਬੀਰਤਾ ਦੀ ਉਦਾਹਰਨ ਬਣ ਨਿੱਬੜਿਆ ਹੈ। ਇਸ ਸਾਲ ਨੇ ਲੋਕਾਂ ਦੀਆਂ ਮਰ ਰਹੀਆਂ ਆਸਾਂ ਨੂੰ ਮੁੜ ਤੋਂ ਸੁਰਜੀਤ ਕੀਤਾ ਹੈ। ਰੱਬ ਕਰੇ ਹਰ ਵਰ੍ਹਾ ਸੰਘਰਸ਼ੀਆਂ ਲਈ ਜੇਤੂ ਬਣੇ। ਦੂਜੇ ਪਾਸੇ ਕਿਸਾਨਾਂ ਤੋਂ ਡੂੰਘੀ ਸੋਚ ਅਤੇ ਵਿਚਾਰ ਦੀ ਆਸ ਕੀਤੀ ਜਾਣ ਲੱਗੀ ਹੈ। ਕਿਸਾਨਾਂ ਨੂੰ ਅਗਲੀਆਂ ਚੁਣੌਤੀਆਂ ਲਈ ਹੁਣ ਤੋਂ ਹੀ ਸਫ਼ਲਤਾ ਦਾ ਰਾਹ ਚੁਣਨਾ ਚਾਹੀਦਾ ਹੈ। ਇਸ ਵਾਸਤੇ ਲੋਕਾਂ ਦੇ ਸਾਥ ਨੂੰ ਕਿਰਨ ਤੋਂ ਬਚਾਈ ਰੱਖਿਆ ਜਾਵੇ।