The Khalas Tv Blog India ਰੱਖੜੀ ਵਾਲੇ ਦਿਨ ਮੋਰਚਾ ਭੈਣਾਂ ਹਵਾਲੇ
India Punjab

ਰੱਖੜੀ ਵਾਲੇ ਦਿਨ ਮੋਰਚਾ ਭੈਣਾਂ ਹਵਾਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੂੰ ਧਰਨੇ ਦੇ ਦੂਜੇ ਦਿਨ ਵੀ ਕੈਪਟਨ ਸਰਕਾਰ ਨੇ ਬੈਠਕ ਲਈ ਸੱਦ ਲਿਆ ਹੈ। ਕਿਸਾਨਾਂ ਦੀ ਕੱਲ੍ਹ ਚੰਡੀਗੜ੍ਹ ਵਿੱਚ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ। ਪਰ ਹਾਲੇ ਤੱਕ ਕਿਸਾਨਾਂ ਵੱਲੋਂ ਪੱਕਾ ਮੋਰਚਾ ਜਾਰੀ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਏਆਈਜੀ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਮੀਟਿੰਗ ਕਰਨਾ ਚਾਹੁੰਦੀ ਹੈ। ਅਸੀਂ ਉਨ੍ਹਾਂ ਦੀ ਗੱਲ ਨੂੰ ਮੰਨ ਲਿਆ ਹੈ ਅਤੇ ਅਸੀਂ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਹਾਂ। ਕਿਸਾਨ ਲੀਡਰਾਂ ਨੇ ਰੱਖੜੀ ਵਾਲੇ ਦਿਨ ਸਾਰੀਆਂ ਬੀਬੀਆਂ ਲਈ ਇੱਕ ਖ਼ਾਸ ਸੁਨੇਹਾ ਦਿੰਦਿਆਂ ਕਿਹਾ ਕਿ ਰੱਖੜੀ ਵਾਲੇ ਦਿਨ ਸਾਰੀਆਂ ਭੈਣਾਂ ਮੋਰਚਿਆਂ ਵਿੱਚ ਆ ਕੇ ਆਪਣੇ ਕਿਸਾਨ ਭਰਾਵਾਂ ਨੂੰ ਰੱਖੜੀ ਬੰਨਣ ਅਤੇ ਭੈਣਾਂ ਅਤੇ ਭਰਾ ਰਲ ਕੇ ਆਪਣੇ ਹੱਕਾਂ ਲਈ ਲੜਾਈ ਲੜਨ।

ਜਲੰਧਰ ਵਿੱਚ ਕਿਸਾਨਾਂ ਵੱਲੋਂ ਕੱਲ੍ਹ ਤੋਂ ਇੱਕ ਨਵਾਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਹ ਅੰਦੋਲਨ ਗੰਨੇ ਦੀ ਸਹੀ ਕੀਮਤ ਤੈਅ ਕਰਨ ਨੂੰ ਲੈ ਕੇ ਹੈ। ਕਿਸਾਨਾਂ ਨੇ ਸਰਕਾਰ ਨੂੰ ਗੰਨੇ ਦੀ ਕੀਮਤ 400 ਰੁਪਏ ਤੈਅ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਗੰਨੇ ਦੀ ਕਾਸ਼ਤ ਵਿੱਚ 390 ਰੁਪਏ ਦੀ ਲਾਗਤ ਆਉਂਦੀ ਹੈ, ਇਸ ਲਈ ਉਨ੍ਹਾਂ ਨੇ ਸਰਕਾਰ ਨੂੰ ਸਿਰਫ਼ 10 ਰੁਪਏ ਹੀ ਗੰਨੇ ਦੀ ਕੀਮਤ ਵਧਾਉਣ ਲਈ ਕਿਹਾ ਹੈ। ਕਿਸਾਨਾਂ ਵੱਲੋਂ ਲੁਧਿਆਣਾ ਵੱਲ ਜਾਣ ਵਾਲੇ ਜਲੰਧਰ-ਦਿੱਲੀ ਕੌਮੀ ਮਾਰਗ ਨੂੰ ਜਾਮ ਕੀਤਾ ਗਿਆ ਹੈ। ਕਿਸਾਨਾਂ ਨੇ ਧੰਨੌਵਾਲੀ ਗੇਟ ਦੇ ਨੇੜੇ ਦੋਵਾਂ ਪਾਸਿਆਂ ਦੀ ਆਵਾਜਾਈ ਠੱਪ ਕਰ ਦਿੱਤੀ ਹੈ। ਇਸ ਨਾਲ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜੰਮੂ ਸਣੇ ਜਲੰਧਰ ਰਾਹੀਂ ਆਵਾਜਾਈ ਦੇ ਰਾਹ ਵੀ ਬੰਦ ਕਰ ਦਿੱਤੇ ਗਏ ਹਨ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾਵੇਗਾ।

ਗੰਨਾ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ, ਇਹ ਧਰਨਾ ਜਾਰੀ ਰਹੇਗਾ। ਜੇ ਸਰਕਾਰ ਫਿਰ ਵੀ ਨਾ ਮੰਨੀ ਤਾਂ ਰੇਲਵੇ ਟਰੈਕ ਵੀ ਬੰਦ ਕੀਤੇ ਜਾਣਗੇ। ਹਾਈਵੇ ‘ਤੇ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਪੰਜਾਬ ਰੋਡਵੇਜ਼ ਦੀ ਬੱਸ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਕੱਲ੍ਹ ਕਿਸਾਨਾਂ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਗਈ। ਗੱਲਬਾਤ ਤੋਂ ਬਾਅਦ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਾਲੇ ਤੱਕ ਸਰਕਾਰ ਨਾਲ ਸਾਡੀ ਕੋਈ ਗੱਲ ਸਿਰੇ ਨਹੀਂ ਚੜੀ। ਮੋਰਚਾ ਹਾਲੇ ਜਾਰੀ ਹੈ। ਲੋਕਾਂ ਨੂੰ ਪਰੇਸ਼ਾਨ ਕਰਨ ਲਈ ਸਰਕਾਰ ਜ਼ਿੰਮੇਵਾਰ ਹੈ।

Exit mobile version