The Khalas Tv Blog Khetibadi ਰਵਨੀਤ ਬਿੱਟੂ ਦੇ ਬਿਆਨ ’ਤੇ ਭੜਕੇ ਕਿਸਾਨ ਨਾਰਾਜ਼! ‘ਕਿਸਾਨਾਂ ਨੂੰ ਤਾਲਿਬਾਨ ਕਹਿਣ ’ਤੇ ਮੁਆਫ਼ੀ ਮੰਗੋ’
Khetibadi Punjab

ਰਵਨੀਤ ਬਿੱਟੂ ਦੇ ਬਿਆਨ ’ਤੇ ਭੜਕੇ ਕਿਸਾਨ ਨਾਰਾਜ਼! ‘ਕਿਸਾਨਾਂ ਨੂੰ ਤਾਲਿਬਾਨ ਕਹਿਣ ’ਤੇ ਮੁਆਫ਼ੀ ਮੰਗੋ’

ਬਿਉਰੋ ਰਿਪੋਰਟ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਪੰਜਾਬ ਦੇ ਕਿਸਾਨ ਬਹੁਤ ਨਾਰਾਜ਼ ਹਨ। ਆਪਣੇ ਤਾਜ਼ਾ ਬਿਆਨ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਤਾਲਿਬਾਨ ਕਿਹਾ ਹੈ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਿੱਟੂ ਨੇ ਇਲਜ਼ਾਮ ਲਾਇਆ ਹੈ ਕਿ ਭਾਜਪਾ ਦਾ ਵਿਰੋਧ ਕਰਨ ਵਾਲੇ ਅਸਲ ਕਿਸਾਨ ਨਹੀਂ ਹਨ, ਸਗੋਂ ਕਿਸਾਨ ਆਗੂ ਹੀ ਧਰਨਿਆਂ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁਖੀ ਸਰਵਣ ਸਿੰਘ ਪੰਧੇਰ ਨੇ ਇਸ ਬਿਆਨ ’ਤੇ ਬਿੱਟੂ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ।

ਵੀਡੀਓ ਜਾਰੀ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਰਵਨੀਤ ਬਿੱਟੂ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਵਾਉਣਾ ਚਾਹੁੰਦੇ ਹਨ ਅਤੇ ਇਹ ਜਾਂਚ ਜ਼ਿਮਨੀ ਚੋਣਾਂ ਤੋਂ ਬਾਅਦ ਕਰਵਾਈ ਜਾਵੇਗੀ। ਉਨ੍ਹਾਂ ਨੂੰ ਹੁਣ ਇਹ ਟੈਸਟ ਕਰਵਾਉਣਾ ਚਾਹੀਦਾ ਹੈ। ਕਿਸਾਨ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਬਿੱਟੂ ਜਦੋਂ ਕਾਂਗਰਸ ਵਿੱਚ ਸਨ ਤਾਂ ਉਹ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਸਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅਜਿਹਾ ਹੀ ਕਰਦੇ ਸਨ। ਪਰ ਹੁਣ ਉਹ ਕਿਸਾਨਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ।

ਪੰਧੇਰ ਨੇ ਕਿਹਾ ਕਿ ਪ੍ਰਦੂਸ਼ਣ ਲਈ ਸਿਰਫ਼ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗ਼ਲਤ ਹੈ। ਭਾਜਪਾ ਸਰਕਾਰ ਨੇ ਦੋ ਸਾਲਾਂ ਤੋਂ ਸ਼ੈਲਰ ਮਾਲਕਾਂ ਤੋਂ ਚੌਲਾਂ ਦੀ ਲਿਫਟਿੰਗ ਨਹੀਂ ਕੀਤੀ, ਜਿਸ ਕਾਰਨ ਸਥਿਤੀ ਹੋਰ ਬਦਤਰ ਹੋ ਗਈ ਹੈ। ਡੀਏਪੀ ਖਾਦ ਦੀ ਘਾਟ ਪੰਜਾਬ ਵਿੱਚ ਹੀ ਨਹੀਂ ਸਗੋਂ ਯੂਪੀ, ਹਰਿਆਣਾ ਅਤੇ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਹੈ। ਸਰਕਾਰ 51% ਉਦਯੋਗਾਂ ਅਤੇ 25% ਟਰਾਂਸਪੋਰਟ ਵਾਹਨਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੀ? ਜਦੋਂਕਿ ਪਰਾਲੀ ਸਾੜਨ ਲਈ ਸਿਰਫ਼ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

4 ਵਾਰ ਸੈਂਪਲਿੰਗ ਦੇ ਬਾਵਜੂਦ ਦੂਜੇ ਰਾਜਾਂ ਵਿੱਚ ਫੇਲ੍ਹ ਕਿਵੇਂ ਹੋ ਰਿਹਾ ਝੋਨਾ?

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸ਼ੈਲਰ ਮਾਲਕਾਂ ਦਾ ਬਿਆਨ ਹੈ ਕਿ ਝੋਨੇ ਦੀ 4 ਵਾਰ ਸੈਂਪਲਿੰਗ ਕੀਤੀ ਜਾਂਦੀ ਹੈ। ਜੇਕਰ 4 ਵਾਰ ਸੈਂਪਲਿੰਗ ਹੋ ਚੁੱਕੀ ਹੈ ਤਾਂ ਝੋਨੇ ਦੇ ਸੈਂਪਲ ਦੂਜੇ ਰਾਜਾਂ ਵਿੱਚ ਜਾ ਕੇ ਫੇਲ੍ਹ ਕਿਵੇਂ ਹੋ ਸਕਦੇ ਹਨ? ਇਹ ਪੰਜਾਬ ਵਿਰੁੱਧ ਵੱਡੀ ਸਾਜ਼ਿਸ਼ ਹੈ। ਇੱਕ ਸਾਜ਼ਿਸ਼ ਤਹਿਤ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਸਰਵਣ ਪੰਧੇਰ ਨੇ ਵੀ ਰਵਨੀਤ ਬਿੱਟੂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਸ਼ਬਦ ਦੀ ਵਰਤੋਂ ਪੂਰੀ ਤਰ੍ਹਾਂ ਗ਼ਲਤ ਹੈ। ਅਸਲ ਤਾਲਿਬਾਨ ਭਾਜਪਾ ਹੈ, ਜਿਸ ਨੇ ਮਨੀਪੁਰ ਵਿੱਚ ਹਿੰਸਾ ਨੂੰ ਬੜ੍ਹਾਵਾ ਦਿੱਤਾ। ਪੰਧੇਰ ਮੁਤਾਬਕ ਬਿੱਟੂ ਨੂੰ ਆਪਣੇ ਬਿਆਨ ਲਈ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

Exit mobile version