‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਐੱਮਐੱਸਪੀ ਗਾਰੰਟੀ ਦੇ ਕਾਨੂੰਨ ਤੋਂ ਉਰੇ ਕੁੱਝ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਦੀ ਐੱਮਐੱਸਪੀ ਕਮੇਟੀ ਵਿੱਚ ਪ੍ਰਤੀਨਿਧਤਾ ਦੀ ਮੰਗ ਨਹੀਂ ਕਰ ਰਿਹਾ ਹੈ। ਡੱਲੇਵਾਲ ਜਿਹੜੇ ਅੱਜ ਚੰਡੀਗੜ੍ਹ ਵਿੱਚ ਦੇਸ਼ ਭਰ ਦੀਆਂ ਕਈ ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਮਿਲ ਕੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਲਈ ਮੁੜ ਤੋਂ ਦੇਸ਼ ਵਿਆਪੀ ਅੰਦੋਲਨ ਛੇੜਿਆ ਜਾਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਜਿੰਨੀਆਂ ਜਥੇਬੰਦੀਆਂ ਕਿਰੀਆਂ ਹਨ, ਉਨ੍ਹਾਂ ਤੋਂ ਕਿਤੇ ਜ਼ਿਆਦਾ ਨਵੀਆਂ ਆ ਜੁੜੀਆਂ ਹਨ। ਉਨ੍ਹਾਂ ਨੇ 70 ਜਥੇਬੰਦੀਆਂ ਨਾਲ ਰਲ ਕੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ 22 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਕੌਮੀ ਪੱਧਰ ਦੀ ਪੰਚਾਇਤ ਸੱਦ ਲਈ ਗਈ ਹੈ। ਪਹਿਲਾਂ ਦਿੱਤੇ 31 ਜੁਲਾਈ ਦੇ ਰੇਲ ਰੋਕੋ ਸੱਦੇ ਵਿੱਚ ਸੋਧ ਕਰਦਿਆਂ ਇਸ ਦਿਨ ਸੁਨਾਮ ਵਿਖੇ ਕਿਸਾਨਾਂ ਦਾ ਇੱਕ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਤਿੰਨ ਅਗਸਤ ਨੂੰ ਸੂਬੇ ਭਰ ਦਿੱਤੀਆਂ ਸੜਕਾਂ ਅਣਮਿੱਥੇ ਸਮੇਂ ਲਈ ਬੰਦ ਕੀਤੀਆਂ ਜਾਣਗੀਆਂ। ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਵਿੱਚ ਗੰਨੇ ਦਾ ਬਕਾਇਆ, ਮਾਲਵੇ ਵਿੱਚ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ਅਤੇ ਭਾਰੀ ਮੀਂਹ ਕਾਰਨ ਝੋਨੇ ਦੇ ਹੋਏ ਨੁਕਸਾਨ ਦੀ ਭਰਪਾਈ ਸ਼ਾਮਿਲ ਹੈ।
ਉਨ੍ਹਾਂ ਨੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਠਿਤ ਐੱਮਐੱਸਪੀ ਕਮੇਟੀ ਦੀ ਤੁਕ ਨਹੀਂ ਰਹਿ ਜਾਂਦੀ। ਉਨ੍ਹਾਂ ਨੇ ਦੱਸਿਆ ਕਿ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਐੱਮਐੱਸਪੀ ਗਾਰੰਟੀ ਕਾਨੂੰਨ ਦੀ ਮੰਗ ਚੁੱਕੀ ਸੀ ਜਿਹੜੀ ਕਿ ਅੱਜ ਦੇ ਸਮੇਂ ਵਿੱਚ ਵੀ ਪ੍ਰਸੰਗਕ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਖਿੰਡਰਨ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਵਿੱਚੋਂ ਸਿਆਸੀ ਝਾਕ ਰੱਖਣ ਵਾਲੇ ਕਿਸਾਨ ਬਾਹਰ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਐੱਸਕੇਐੱਮ ਦੇ ਗਠਨ ਵੇਲੇ ਇਹ ਰਜ਼ਾਮੰਦੀ ਬਣੀ ਸੀ ਕਿ ਮੋਰਚੇ ਦੀ ਸਟੇਜ ਤੋਂ ਕਿਸੇ ਸਿਆਸੀ ਲੀਡਰ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਮੋਰਚੇ ਵਿੱਚ ਸਾਮਿਲ ਕੋਈ ਕਿਸਾਨ ਲੀਡਰ ਸਿਆਸੀ ਸਟੇਜਾਂ ਉੱਤੇ ਜਾ ਕੇ ਬੋਲੇਗਾ। ਉਨ੍ਹਾਂ ਨੇ ਕਿਹਾ ਕਿ ਚੋਣਾਂ ਲੜਨ ਵਾਲੇ ਕਿਸਾਨ ਆਗੂਆਂ ਵਾਸਤੇ ਮੋਰਚੇ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਚੋਣਾਂ ਲੜਨ ਵਾਲੇ ਕਿਸਾਨਾਂ ਨੂੰ ਧੋਖੇਬਾਜ਼ ਕਰਾਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਐੱਸਕੇਐੱਮ ਦੇ ਚਾਰ ਲੀਡਰ ਕੇਂਦਰ ਸਰਕਾਰ ਦੇ ਪਿੱਠੂਆਂ ਦੇ ਸੰਪਰਕ ਵਿੱਚ ਸਨ। ਡੱਲੇਵਾਲ ਅਨੁਸਾਰ ਰਾਜੇਵਾਲ ਸਮੇਤ ਚਾਰ ਕਿਸਾਨ ਲੀਡਰਾਂ ਨੇ ਸਰਕਾਰ ਨੂੰ ਚਿੱਠੀ ਲਿਖੀ ਸੀ। ਕਿਸਾਨ ਲੀਡਰ ਕੁਲਵੰਤ ਸਿੰਘ ਸੰਧੂ ਦੀ ਦੋ ਮੰਤਰੀਆਂ ਨਾਲ ਗੱਲ ਚੱਲ ਰਹੀ ਸੀ ਜਦਕਿ ਬੂਟਾ ਸਿੰਘ ਬੁਰਜਗਿੱਲ ਰਾਅ ਦੇ ਚੀਫ਼ ਨਾਲ ਸੰਪਰਕ ਵਿੱਚ ਸੀ। ਹਰਮੀਤ ਕਾਦੀਆਂ ਦਾ ਸ੍ਰੀ ਸ੍ਰੀ ਰਵੀ ਸ਼ੰਕਰ ਨਾਲ ਰਾਬਤਾ ਕਾਇਮ ਸੀ। ਡੱਲੇਵਾਲ ਨੇ ਕਿਹਾ ਕਿ ਰਾਜੇਵਾਲ ਨੇ ਅੱਠ ਨਵੰਬਰ ਦੀ ਮੀਟਿੰਗ ਵਿੱਚ ਇਹ ਖੁਦ ਮੰਨਿਆ ਸੀ। ਉਨ੍ਹਾਂ ਨੇ ਮੁੜ ਤੋਂ ਅੰਦੋਲਨ ਛੇੜ ਕੇ ਕੇਂਦਰ ਸਰਕਾਰ ਦੀਆਂ ਚੂਲਾਂ ਹਿਲਾਉਣ ਦਾ ਐਲਾਨ ਕੀਤਾ ਹੈ। ਡੱਲੇਵਾਲ ਨੇ ਕਿਹਾ ਕਿ ਚੋਣ ਲੜਨ ਵਾਲੇ ਕਿਸਾਨਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ।
ਕਿਸਾਨ ਲੀਡਰ ਬੂਟਾ ਸਿੰਘ ਬੁਰਜਗਿੱਲ ਨੇ ਡੱਲੇਵਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਤੱਕ ਮੋਰਚਾ ਚੱਲਦਾ ਰਿਹਾ ਹੈ, ਸਾਰੀਆਂ ਜਥੇਬੰਦੀਆਂ ਦੇ ਨਾਲ ਸਰਕਾਰ ਦੇ ਕਿਸੇ ਨਾ ਕਿਸੇ ਨੁਮਾਇੰਦੇ ਦੀ ਗੱਲਬਾਤ ਚੱਲਦੀ ਰਹੀ ਹੈ। ਸਵਾਲ ਗੱਲਬਾਤ ਚੱਲਣ ਦਾ ਨਹੀਂ ਹੈ, ਸਾਡੇ ਉੱਤੇ ਇਨ੍ਹਾਂ ਨੇ ਝੂਠਾ ਇਲਜ਼ਾਮ ਲਗਾਇਆ ਹੈ। ਕਿਸਾਨ ਮੋਰਚੇ ਨਾਲ ਕੋਈ ਵਿਸ਼ਵਾਸਘਾਤ ਨਹੀਂ ਹੋਇਆ ਹੈ। ਸ਼ੁਰੂ ਤੋਂ ਹੀ ਕਈ ਮੋਰਚੇ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ। ਬੁਰਜਗਿੱਲ ਨੇ ਬਾਕੀ ਗੱਲ ਰਾਜੇਵਾਲ ਉੱਤੇ ਛੱਡਦਿਆਂ ਕਿਹਾ ਕਿ ਅਸੀਂ ਜ਼ਰੂਰ ਬੋਲਾਂਗੇ ਪਰ ਹਾਲੇ ਉਹ ਟਾਈਮ ਨਹੀਂ ਹੈ।