The Khalas Tv Blog Punjab ਕਿਸਾਨਾਂ ਨੇ ਐਲਾਨੀ ਝੋਨਾ ਲਗਾਉਣ ਦੀ ਆਪਣੀ ਤਰੀਕ
Punjab

ਕਿਸਾਨਾਂ ਨੇ ਐਲਾਨੀ ਝੋਨਾ ਲਗਾਉਣ ਦੀ ਆਪਣੀ ਤਰੀਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਨੇ 10 ਜੂਨ ਤੋਂ ਝੋਨਾ ਲਾਉਣ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਦੀ ਅੱਜ ਬਿਜਲੀ ਬੋਰਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਹੋਰ ਚੀਫ਼ ਇੰਜੀਨੀਅਰਾਂ ਨਾਲ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ 18 ਜੂਨ ਤੋਂ ਝੋਨਾ ਲਾਉਣ ਲਈ ਬਿਜਲੀ ਦੇ ਜਾਰੀ ਕੀਤੇ ਜ਼ੋਨਲ ਸ਼ਡਿਊਲ ਨੂੰ ਰੱਦ ਕਰ ਦਿੱਤਾ ਹੈ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਇਹ ਸ਼ਡਿਊਲ ਰੱਦ ਨਾ ਕੀਤਾ ਤਾਂ 20 ਮਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਕਰ ਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਸੰਯੁਕਤ ਕਿਸਾਨ ਮੋਰਚਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕਿਸਾਨਾਂ ਦੀਆਂ ਬਿਜਲੀ ਮਹਿਕਮੇ ਨਾਲ ਸਬੰਧਿਤ ਕਈ ਮੰਗਾਂ ਉੱਤੇ ਹਾਂ ਪੱਖੀ ਚਰਚਾ ਕੀਤੀ ਗਈ, ਜਿਸ ਵਿਚ ਹਰ ਕਿਸਮ ਦੇ ਓਵਰਲੋਡ ਸਿਸਟਮ ਨੂੰ ਅੰਡਰਲੋਡ ਕਰਨ ਬਾਰੇ ਚੇਅਰਮੈਨ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ। ਲੋਡ ਫੀਸਦੀ 4700 ਰੁਪਏ ਪ੍ਰਤੀ ਹਾਰਸ ਪਾਵਰ ਤੋਂ ਘੱਟ ਕਰ ਕੇ 1200 ਰੁਪਏ ਕਰਨ ਉਪਰ ਵੀ ਚੇਅਰਮੈਨ ਸਾਹਿਬ ਨੇ ਕਿਹਾ ਕਿ ਸੱਚਮੁੱਚ ਹੀ 4700 ਰੁਪਏ ਰੇਟ ਜ਼ਿਆਦਾ ਹੈ, ਉਹ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਰੇਟ ਘੱਟ ਕਰਨ ਦੀ ਅਪੀਲ ਕਰਨਗੇ।

ਕਿਸਾਨ ਆਗੂ ਨੇ ਦੱਸਿਆ ਕਿ ਚੇਅਰਮੈਨ ਨੇ ਝੋਨੇ ਦੇ ਸੀਜ਼ਨ ਲਈ ਜਾਰੀ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਬਿਜਲੀ ਬੋਰਡ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ 16 ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਇਸ ਸ਼ਡਿਊਲ ਬਾਰੇ ਮੁੜ ਵਿਚਾਰਨ ਦੀ ਅਪੀਲ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਬਾਰੇ ਮੁੜ ਵਿਚਾਰ ਨਾ ਕੀਤੀ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

Exit mobile version