The Khalas Tv Blog India ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ ਪਹੁੰਚ ਗਏ ਕਿਸਾਨ, ਪੂਰਾ ਪੰਜਾਬ ਹੋਇਆ ਕੱਠਾ, ਅਹਿਮ ਐਲਾਨ
India Punjab

ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ ਪਹੁੰਚ ਗਏ ਕਿਸਾਨ, ਪੂਰਾ ਪੰਜਾਬ ਹੋਇਆ ਕੱਠਾ, ਅਹਿਮ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਵਾਢੀ ਦੇ ਸੀਜ਼ਨ ਵਿੱਚ ਕਿਸਾਨਾਂ, ਮਜ਼ਦੂਰਾਂ ਨੂੰ ਦਿੱਲੀ ਦੇ ਮੋਰਚਿਆਂ ਤੋਂ ਆਪਣੇ ਘਰਾਂ ਨੂੰ ਜਾਣ ਲਈ ਕਿਹਾ ਤਾਂ ਜੋ ਉਹ ਆਪਣੀ ਫਸਲਾਂ ਦੀ ਸੰਭਾਲ ਕਰ ਸਕਣ। ਕਿਸਾਨ ਲੀਡਰਾਂ ਨੇ ਕਿਹਾ ਕਿ ਦਿੱਲੀ ਮੋਰਚੇ ਨੂੰ ਇਸ ਦੌਰਾਨ ਵੀ ਉਨੀ ਹੀ ਤਾਕਤ ਵਿੱਚ ਰੱਖਿਆ ਜਾਵੇਗਾ।

ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅੱਜ ਕਿਸਾਨ ਲੀਡਰਾਂ ਦੀ ਵੱਖ-ਵੱਖ ਵਰਗਾਂ ਦੇ ਲੀਡਰਾਂ ਨਾਲ ਮੀਟਿੰਗ ਹੋਈ ਹੈ। ਕਿਸਾਨ ਲੀਡਰਾਂ ਨੇ ਵਪਾਰੀਆਂ ਅਤੇ ਟਰੇਡ ਯੂਨੀਅਨਾਂ ਨੂੰ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਲੁਧਿਆਣਾ ਵਿੱਚ ਕੱਲ੍ਹ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦੇ ਫੈਸਲੇ ਦੇ ਖਿਲਾਫ ਟਰੇਡ ਯੂਨੀਅਨਾਂ ਪ੍ਰਦਰਸ਼ਨ ਕਰਨਗੀਆਂ ਅਤੇ 5 ਅਪ੍ਰੈਲ ਨੂੰ ਆੜ੍ਹਤੀਆਂ ਵੱਲੋਂ ਸਿੱਧੀ ਅਦਾਇਗੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਆੜ੍ਹਤੀਆਂ ਦੇ ਪ੍ਰਦਰਸ਼ਨ ਵਿੱਚ ਕਿਸਾਨ ਵੀ ਸ਼ਾਮਿਲ ਹੋਣਗੇ। ਆੜ੍ਹਤੀਆਂ ਨੇ 10 ਅਪ੍ਰੈਲ ਨੂੰ ਸਿੱਧੀ ਅਦਾਇਗੀ ਦੇ ਫੈਸਲੇ ਦੇ ਵਿਰੋਧ ਵਜੋਂ ਮੰਡੀਆਂ ਬੰਦ ਕਰਨ ਦਾ ਐਲਾਨ ਕੀਤਾ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਆੜ੍ਹਤੀ, ਟਰਾਂਸਪੋਰਟ, ਅਧਿਆਪਕ, ਯੂਨੀਵਰਸਿਟੀ ਮੁਲਾਜ਼ਮ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਬੈਠਕ ਹੋਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸ਼ੋਸੀਏਸ਼ਨ, ਪੀਏਯੂ ਐਂਪਲਾਇਜ਼ ਐਸ਼ੋਸੀਏਸ਼ਨ ਅਤੇ ਪੀਏਯੂ ਸਟੂਡੈਂਟਸ ਐਸ਼ੋਸੀਏਸ਼ਨ ਦੀ ਅਗਵਾਈ ਹੇਠ ਹੋਈ ਇਸ ਵਿਚਾਰ-ਚਰਚਾ ‘ਚ 100 ਤੋਂ ਵੱਧ ਜਥੇਬੰਦੀਆਂ ਨੇ ਹਿੱਸਾ ਲਿਆ।

ਸੰਯਕਤ ਕਿਸਾਨ ਮੋਰਚੇ ਅਤੇ ਹੋਰ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੇ ਫੈਸਲਾ ਕੀਤਾ ਹੈ ਕਿ “ਪੰਜਾਬ ਫਾਰ ਫਾਰਮਰਜ਼” ਨਾਮ ਤੋਂ ਇੱਕ ਫ਼ਰੰਟ ਬਣਾਇਆ ਜਾਵੇਗਾ, ਜਿਸਦੀ ਪਹਿਲੀ ਮੀਟਿੰਗ 7 ਅਪ੍ਰੈਲ ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿੱਚ ਹੋਵੇਗੀ। ਇਸ ਰਾਹੀਂ ਇਹ ਵਾਢੀ ਦੇ ਸਮੇਂ ਦਿੱਲੀ ਮੋਰਚੇ ਵਿੱਚ ਡਿਊਟੀਆ ਵੰਡ ਕੇ ਸ਼ਮੂਲੀਅਤ ਵਧਾਏ ਜਾਣ ਦੀ ਯੋਜਨਾ ਬਣਾਈ ਜਾਵੇਗੀ।

ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਰਚੇ ਵਿੱਚ ਮਜ਼ਦੂਰਾਂ ਦੀ ਭਾਰੀ ਸ਼ਮੂਲੀਅਤ ਵੇਖਣ ਨੂੰ ਮਿਲੇਗੀ। ਕੇਂਦਰ ਸਰਕਾਰ ਵੱਲੋਂ 4 ਲੇਬਰ ਕੋਡ ਲਾਗੂ ਨਾ ਕਰਨ ਨੂੰ ਮਜ਼ਦੂਰ ਅਤੇ ਕਿਸਾਨੀ ਘੋਲ ਦੀ ਜਿੱਤ ਮੰਨਦਿਆਂ ਉਨ੍ਹਾਂ ਨੇ ਕਿਹਾ ਕਿ ਹੁਣ ਕਿਸਾਨ ਮਜ਼ਦੂਰ ਮਿਲ ਕੇ ਨਿੱਜੀਕਰਨ ਖਿਲਾਫ ਲੜਾਈ ਲੜਨਗੇ।

ਪ੍ਰੋਫੈਸਰ ਜਗਮੋਹਨ ਸਿੰਘ ਨੇ ਇੱਕ ਕੋਲੈਕਟਿਵ ਥਿੰਕ ਟੈਂਕ ਬਣਾਉਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਉਹਨਾਂ ਦੀ ਲਾਇਬਰੇਰੀ ਵਿੱਚ ਉਹ ਸਭ ਕਿਤਾਬਾਂ ਅਤੇ ਸਮੱਗਰੀ ਉਪਲੱਬਧ ਹੋਵੇਗੀ, ਜਿਸ ਰਾਹੀਂ ਕਿਸਾਨਾਂ, ਮਜ਼ਦੂਰਾਂ ਦੇ ਨਾਲ-ਨਾਲ ਲੋਕ ਪੱਖੀ ਢਾਂਚੇ ਨੂੰ ਸਿਰਜਿਆ ਜਾ ਸਕੇ। ਡਾ. ਕੁਲਦੀਪ ਸਿੰਘ ਨੇ ਕਿਹਾ ਕਿ 10 ਅਪ੍ਰੈਲ ਤੋਂ 10 ਮਈ ਤੱਕ ਹਰ ਰੋਜ਼ ਦਿੱਲੀ ਮੋਰਚਿਆਂ ‘ਤੇ ਸਮਾਜਿਕ, ਅਰਥ-ਵਿਵਸਥਾ ਬਾਰੇ, ਕਿਸਾਨ-ਮਜ਼ਦੂਰ ਅਤੇ ਲੋਕਪੱਖੀ ਸਮਝ ਰੱਖਣ ਵਾਲੇ ਨਾਮੀ ਸ਼ਖ਼ਸੀਅਤਾਂ ਦਾ ਸਮਾਗਮ ਰੱਖਿਆ ਜਾਵੇਗਾ।

ਟਰੇਡ ਯੂਨੀਅਨਾਂ ਦੇ ਲੀਡਰਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਹੁਣ ਤਿੰਨਾਂ ਖੇਤੀ ਕਾਨੂੰਨਾਂ ਦਾ ਮਜ਼ਦੂਰਾਂ ‘ਤੇ ਪ੍ਰਭਾਵ ਬਾਰੇ ਪ੍ਰਚਾਰ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਪਿੰਡ, ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਦੀਆਂ ਮੀਟਿੰਗਾਂ ਕਰਕੇ ਲੀਫਲੈੱਟ, ਸੈਮੀਨਾਰ ਅਤੇ ਹੋਰ ਤਰੀਕਿਆਂ ਨਾਲ ਮਜ਼ਦੂਰਾਂ ਦੀ ਸ਼ਮੂਲੀਅਤ ਵਧਾਈ ਜਾਵੇਗੀ।

ਡਾ. ਸੁਖਪਾਲ ਸਿੰਘ ਨੇ ਮੀਟਿੰਗ ਵਿੱਚ ਕਿਹਾ ਕਿ ਹਾਲ ਹੀ ਦੇ ਵਿੱਚ ਖੇਤ ਮਜ਼ਦੂਰਾਂ ਦੀ ਆਤਮਹੱਤਿਆ ਦੇ ਅੰਕੜੇ ਦੱਸਦੇ ਹੈ ਕਿ ਉਹ ਕਿੰਨੀ ਡੂੰਘੀ ਮਾਰ ਦੇ ਸ਼ਿਕਾਰ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਜ਼ਰੂਰੀ ਵਸਤੂਆਂ ਸੋਧ ਕਾਨੂੰਨ ਦੇ ਪੇਂਡੂ, ਖੇਤੀ ਅਤੇ ਸ਼ਹਿਰੀ ਮਜ਼ਦੂਰਾਂ ‘ਤੇ ਮਾਰੂ ਪ੍ਰਭਾਵ ਬਾਰੇ ਲਿਖ ਕੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣਗੇ।

ਬੀਕੇਯੂ ਹਰਿਆਣਾ ਦੇ ਨੌਜਵਾਨ ਲੀਡਰ ਰਵੀ ਆਜ਼ਾਦ ਨੂੰ ਹਰਿਆਣਾ ਪੁਲਿਸ ਨੇ ਕਈ ਮਾਮਲਿਆਂ ਵਿੱਚ ਝੂਠੇ ਅਤੇ ਮਨਘੜਤ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਪੁਲਿਸ ਦੇ ਦਮਨਕਾਰੀ ਵਤੀਰੇ ਦੀ ਨਿਖੇਧੀ ਕਰਦਿਆਂ ਰਵੀ ਆਜ਼ਾਦ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ।

ਸੰਯੁਕਤ ਕਿਸਾਨ ਮੋਰਚੇ ਨੇ ਅੱਜ ਰੋਹਤਕ ਦੇ ਨਜ਼ਦੀਕ ਅਸਥਲ ਬੋਹਰ ਵਿਖੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕਿਸਾਨੀ ਅੰਦੋਲਨ ਦੌਰਾਨ ਭਾਜਪਾ ਲੀਡਰਾਂ ਵੱਲੋਂ ਕੀਤੀ ਗਈ ਅਪਮਾਨਜਨਕ ਟਿੱਪਣੀ ਤੋਂ ਨਾਰਾਜ਼ ਕਿਸਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋਏ ਸਨ, ਜਿਨ੍ਹਾਂ ਦਾ ਹੈਲੀਕਾਪਟਰ ਅਸਥਲ ਬੋਹਰ ਵਿਖੇ ਉਤਰਨਾ ਸੀ। ਮਰਦ ਪੁਲਿਸ ਮੁਲਾਜ਼ਮਾਂ ਨੇ ਔਰਤ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਕੀਤਾ। ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ।

ਕਿਸਾਨ ਲੀਡਰਾਂ ਨੇ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਕਾਰਨ ਜਨਤਾ ਤੋਂ ਵੱਖ ਹੋਏ ਭਾਜਪਾ ਜੇਜੇਪੀ ਸੱਤਾਧਾਰੀ ਗੱਠਜੋੜ, ਹਰਿਆਣਾ ਵਿੱਚ ਪੁਲਿਸ ਰਾਜ ਸਥਾਪਤ ਕਰਨ ‘ਤੇ ਤੁਲੇ ਹੋਏ ਹਨ। ਪ੍ਰਾਪਰਟੀ ਕਾਨੂੰਨ ਦਾ ਉਦੇਸ਼ ਸੰਵਿਧਾਨ ਦੁਆਰਾ ਦਿੱਤੇ ਵਿਰੋਧ ਦੇ ਅਧਿਕਾਰ ਦੀ ਗਾਰੰਟੀ ਨੂੰ ਵੀ ਰੋਕਣਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਸਰਕਾਰ ਤੋਂ ਸੱਤਾ ਲਿਆਉਣ ਵਾਲਿਆਂ ਖ਼ਿਲਾਫ਼ ਜੰਗ ਛੇੜਨ ਦੀ ਬਜਾਏ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਮੰਗ ਕੀਤੀ ਹੈ।

Exit mobile version