The Khalas Tv Blog Khetibadi ਕਿਸਾਨਾਂ ਦਾ ਦਿੱਲੀ ਕੂਚ, ਹਰਿਆਣਾ ਪੁਲਿਸ ਨੇ ਸਰਹੱਦ ’ਤੇ ਰੋਕੇ ਕਿਸਾਨ
Khetibadi Punjab

ਕਿਸਾਨਾਂ ਦਾ ਦਿੱਲੀ ਕੂਚ, ਹਰਿਆਣਾ ਪੁਲਿਸ ਨੇ ਸਰਹੱਦ ’ਤੇ ਰੋਕੇ ਕਿਸਾਨ

ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਭਾਰਤ-ਅਮਰੀਕਾ ਵਪਾਰਕ ਸਮਝੌਤੇ ਵਿਰੋਧ ’ਚ ਦਿੱਲੀ ਕੂਚ ਕਰ ਰਹੇ ਹਨ। ‘ਦੇਸ਼ ਬਚਾਓ ਮੋਰਚਾ’ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅੱਜ ਦਿੱਲੀ ਦੇ ਕਿਸਾਨ ਘਾਟ ਉੱਤੇ ਵੱਡੀ ਮਹਾਰੈਲੀ ਯਾ ਮਹਾਪੰਚਾਇਤ ਕੀਤੀ ਜਾਵੇਗੀ। ਇਸ ਲਈ ਪੰਜਾਬ ਭਰ ਤੋਂ ਕਿਸਾਨ ਲੰਘੇ ਦਿਨੀਂ ਰਵਾਨਾ ਹੋਏ ਸਨ ਅਤੇ ਰਾਤ ਸਮੇਂ ਫ਼ਤਿਹਗੜ੍ਹ ਸਾਹਿਬ ਵਿਖੇ ਰੁਕੇ ਸਨ।

ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸ਼ੰਭੂ-ਖਨੌਰੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਸਰਹੱਦ ਉੱਤੇ ਭਾਰੀ ਬੈਰੀਕੇਡ ਲਗਾਏ ਗਏ ਹਨ, ਸਮਿੰਟ ਦੀਆਂ ਰੋਕਾਂ ਤੇ JCB ਕ੍ਰੇਨਾਂ ਤਾਇਨਾਤ ਕੀਤੀਆਂ ਗਈਆਂ ਹਨ। ਆਮ ਲੋਕਾਂ ਲਈ ਰੂਟ ਵੀ ਡਾਇਵਰਟ ਕਰ ਦਿੱਤੇ ਗਏ ਹਨ। ਪੁਲਿਸ ਵੱਲੋਂ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਇਹ ਪ੍ਰਦਰਸ਼ਨ ਚੱਲ ਰਿਹਾ ਹੈ। ਪੰਧੇਰ ਨੇ ਕਿਹਾ ਕਿ ਕਿਸਾਨ ਸ਼ਾਂਤੀਪੂਰਵਕ ਰਾਜਧਾਨੀ ਪਹੁੰਚਣਾ ਚਾਹੁੰਦੇ ਹਨ ਅਤੇ ਟਕਰਾਅ ਵਾਲੀ ਕੋਈ ਰਣਨੀਤੀ ਨਹੀਂ ਰੱਖਦੇ। ਉਨ੍ਹਾਂ ਪ੍ਰਸ਼ਾਸਨ ਨਾਲ ਗੱਲਬਾਤ ਲਈ ਤਿਆਰੀ ਦੱਸੀ ਪਰ ਸਰਕਾਰ ਵੱਲੋਂ ਬੈਰੀਕੇਡ ਲਗਾ ਕੇ ਰੋਕਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਤਰਜਮਾਨ ਤੇਜਵੀਰ ਸਿੰਘ ਨੇ ਦੋਸ਼ ਲਾਇਆ ਕਿ ਬਿਨਾਂ ਕਿਸੇ ਪੂਰਵ ਸੂਚਨਾ ਤੋਂ ਸ਼ੰਭੂ ਬਾਰਡਰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਆਮ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਆਪਣੀਆਂ ਜਾਇਜ਼ ਮੰਗਾਂ ਚੁੱਕਣ ਤੋਂ ਰੋਕਣਾ ਚਾਹੁੰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਹੋਰ ਰਸਤਿਆਂ ਰਾਹੀਂ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ।

ਕਿਸਾਨ ਆਗੂਆਂ ਅਨੁਸਾਰ ਭਾਰਤ-ਅਮਰੀਕਾ ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ, ਖੇਤੀ ਅਤੇ ਆਮ ਲੋਕਾਂ ਦੇ ਵਿਰੁੱਧ ਹੈ। ਇਸ ਲਈ ਦੇਸ਼ ਭਰ ਤੋਂ ਕਿਸਾਨ ਇਸ ਵਿਰੋਧ ਵਿੱਚ ਇੱਕਠੇ ਹੋ ਰਹੇ ਹਨ। ਇਸ ਵੇਲੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦਾ ਭਾਰੀ ਇਕੱਠ ਬਣਿਆ ਹੋਇਆ ਹੈ ਅਤੇ ਉੱਥੇ ਅਗਲੀ ਰਣਨੀਤੀ ਬਾਰੇ ਚਰਚਾ ਚੱਲ ਰਹੀ ਹੈ।

ਇਸ ਪ੍ਰਦਰਸ਼ਨ ਨਾਲ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੀ ਗੂੰਜ ਉੱਠੀ ਹੈ। ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਪ੍ਰਬੰਧ ਤੰਗ ਕੀਤੇ ਗਏ ਹਨ ਤਾਂ ਜੋ ਕਿਸਾਨ ਦਿੱਲੀ ਵੱਲ ਨਾ ਵਧ ਸਕਣ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ਾਂਤੀਪੂਰਵਕ ਢੰਗ ਨਾਲ ਆਪਣਾ ਵਿਰੋਧ ਦਰਜ ਕਰਾਉਣਗੇ ਅਤੇ ਟਕਰਾਅ ਤੋਂ ਬਚਣਗੇ, ਪਰ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ।

 

Exit mobile version