‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਪਟਿਆਲਾ ਦੇ ਝੰਡੀ ਪਿੰਡ ਦੇ ਮੇਜਰ ਖਾਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੇਜਰ ਖਾਨ ਪੰਜਾਬ ਵਿੱਚ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਨਾਲ ਡਟੇ ਹੋਏ ਸਨ। ਕਿਸਾਨ ਲੀਡਰਾਂ ਨੇ ਕਿਹਾ ਕਿ ਮੇਜਰ ਖਾਨ ਕਿਸਾਨੀ ਅੰਦੋਲਨ ਦਾ ਅਨਮੋਲ ਹੀਰਾ ਸੀ। ਉਹ 26 ਨਵੰਬਰ ਤੋਂ ਬਾਅਦ ਇੱਕ ਵਾਰ ਵੀ ਆਪਣੇ ਘਰ ਨਹੀਂ ਗਏ ਅਤੇ ਲਗਾਤਾਰ ਸਿੰਘੂ ਬਾਰਡਰ ‘ਤੇ ਕਿਸਾਨਾਂ ਨਾਲ ਡਟੇ ਹੋਏ ਸਨ। ਉਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਮਜ਼ਬੂਤੀ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਸਾਰੇ ਕਿਸਾਨਾਂ ਨੂੰ ਕਿਸਾਨ ਅੰਦੋਲਨ ਵਿੱਚ ਸਰਗਰਮ ਸ਼ਮੂਲੀਅਤ ਅਤੇ ਹਰ ਸੱਦੇ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ ਹੈ।