The Khalas Tv Blog India ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਦਾ ਕਾਫ਼ਲਾ ਅੰਮ੍ਰਿਤਸਰ ਤੋਂ ਸ਼ੰਭੂ ਮੋਰਚੇ ਲਈ ਰਵਾਨਾ
India Khetibadi Punjab

ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਦਾ ਕਾਫ਼ਲਾ ਅੰਮ੍ਰਿਤਸਰ ਤੋਂ ਸ਼ੰਭੂ ਮੋਰਚੇ ਲਈ ਰਵਾਨਾ

ਬਿਉਰੋ ਰਿਪੋਰਟ: ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅਗਵਾਈ ਵਿੱਚ ਕਿਸਾਨਾਂ ਤੇ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਸਮੂਹ ਜਥੇਬੰਦੀਆਂ ਵੱਲੋਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਅਤੇ ਬਿਆਸ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਕਿਸਾਨਾਂ, ਮਜਦੂਰਾਂ ਅਤੇ ਔਰਤਾਂ ਦਾ ਕਾਫ਼ਲਾ ਸ਼ੰਭੂ ਬਾਰਡਰ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਝੋਨੇ ਦੀ ਬੇਪਤੀ ਦੇਖ ਕੇ ਲੋਕ ਇਸ ਗੱਲ ਨੂੰ ਸਮਝ ਰਹੇ ਹਨ ਕਿ ਉਹਨਾਂ ਦੇ ਮਸਲਿਆਂ ਦਾ ਹੱਲ ਸੰਘਰਸ਼ ਤੇ ਟੇਕ ਰੱਖ ਕੇ ਹੋਣਾ ਹੈ। ਉਹਨਾ ਕਿਹਾ ਕਿ ਸਾਰੀਆਂ ਫ਼ਸਲਾਂ ਦੀ ਐਮਐਸਪੀ ਤੇ ਖ਼ਰੀਦ ਦਾ ਗਰੰਟੀ ਕਾਨੂੰਨ ਅਤੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗੂ ਕਰਵਾਉਣ, ਕਿਸਾਨ ਮਜਦੂਰ ਦੀ ਕਰਜ਼ਾ ਮੁਕਤੀ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ ਦਿਹਾੜੀ 700 ਰੁਪਏ, ਕਿਸਾਨ ਮਜ਼ਦੂਰ ਲਈ ਪੈਨਸ਼ਨ, ਫਸਲੀ ਬੀਮਾ ਯੋਜਨਾ, ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਵਾਉਣ ਦੀ ਆਦਿਵਾਸੀਆਂ ਦੀ ਚਰੋਕਲੀ ਮੰਗ ਸਮੇਤ 10 ਅਹਿਮ ਮੰਗਾਂ ਦੇ ਹੱਲ ਕਰਨ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਉਹਨਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਖ਼ਿਲਾਫ਼ ਬੋਲਣ ਵਾਲੇ ਰਵਨੀਤ ਬਿੱਟੂ ਵਰਗੇ ਲੋਕਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਸਰਕਾਰ ਬਿੱਟੂ ਦੀ ਹੈ, ਉਹ ਜਦ ਚਾਹੇ ਸਾਡੇ ਕਿਸੇ ਵੀ ਆਗੂ ਦੇ ਖਾਤਿਆਂ ਦੀ ਤੇ ਜਾਇਦਾਦ ਦੀ ਜਾਂਚ ਕਰਵਾ ਸਕਦਾ ਹੈ। ਪਹਿਲਾਂ ਸਾਡੇ ਖਾਤਿਆਂ ਦੀ ਜਾਂਚ ਹੋਵੇ, ਪਰ ਇਸ ਦੇ ਨਾਲ ਦੀ ਨਾਲ ਉਹਨਾਂ ਦੇ ਅਤੇ ਭਾਜਪਾ ਦੇ ਬਾਕੀ ਲੀਡਰਾਂ ਦੀ ਜਾਇਦਾਦ ਦੀ ਜਾਂਚ ਵੀ ਹੋ ਜਾਣੀ ਚਾਹੀਦੀ ਹੈ।

ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਇਵਾਲ, ਚਰਨ ਸਿੰਘ ਕਲੇਰ ਘੁੰਮਾਣ, ਅਮਰੀਕ ਸਿੰਘ ਜਮਾਲਪੁਰ, ਰਣਜੀਤ ਸਿੰਘ ਚਾਟੀਵਿੰਡ, ਗੁਰਬਾਜ਼ ਸਿੰਘ ਭੁੱਲਰ, ਮੁਖਤਾਰ ਸਿੰਘ ਅਰਜਨ ਮਾਂਗਾ, ਗੁਰਭੇਜ ਸਿੰਘ ਝੰਡੇ ਤੋਂ ਇਲਾਵਾ ਸੈਂਕੜੇ ਕਿਸਾਨ ਮਜ਼ਦੂਰ ਤੇ ਔਰਤਾਂ ਕਾਫਲੇ ਦੇ ਰੂਪ ਵਿਚ ਰਵਾਨਾ ਹੋਏ।

Exit mobile version