The Khalas Tv Blog Punjab ਦਿੱਲੀ ਵਾਲੇ ਅੰਦੋਲਨ ਦੀ ਯਾਦ ਦਿਵਾ ਗਿਆ  ਕਿਸਾਨਾਂ ਦਾ ਇੱਕਠ
Punjab

ਦਿੱਲੀ ਵਾਲੇ ਅੰਦੋਲਨ ਦੀ ਯਾਦ ਦਿਵਾ ਗਿਆ  ਕਿਸਾਨਾਂ ਦਾ ਇੱਕਠ

‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਤੇ ਮੁਹਾਲੀ ਵਿੱਚ ਹੋਇਆ ਇੱਕਠ ਅੱਜ ਇੱਕ ਵਾਰ ਦਿੱਲੀ ‘ਚ ਹੋਏ ਕਿਸਾਨ ਅੰਦੋਲਨ ਦੀ ਯਾਦ ਦਿਵਾ ਗਿਆ। ਪੰਜਾਬ ਤੇ ਹਰਿਆਣਾ ਤੋਂ ਇਲਾਵਾ ਦੇਸ਼ ਦੇ ਹੋਰ ਕਈ ਹਿੱਸਿਆਂ ਤੋਂ ਆਏ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਇਹ ਦੱਸ ਦਿੱਤਾ ਕਿ ਨਾ ਤਾਂ ਦੇਸ਼ ਦਾ ਕਿਸਾਨ ਕੰਮਜ਼ੋਰ ਹੋਇਆ ਹੈ ਤੇ ਨਾ ਹੀ ਸੰਯੁਕਤ ਕਿਸਾਨ ਮੋਰਚਾ ।
ਦਿੱਲੀ ਤੋਂ ਕਿਸਾਨ ਅੰਦੋਲਨ ਨੂੰ ਸਰਕਾਰ ਦੇ ਇਹਨਾਂ ਵਾਅਦਿਆਂ ਨਾਲ ਮੁੱਲਤਵੀ ਕੀਤਾ ਗਿਆ ਸੀ ਕਿ ਕਿਸਾਨਾਂ ਦੀਆਂ ਮੰਗਾ ਨੂੰ ਜਲਦੀ ਹੀ ਮੰਨ ਲਿਆ ਜਾਵੇਗਾ ਪਰ ਕਾਫ਼ੀ ਸਮਾਂ ਬੀਤ ਜਾਣ ਮਗਰੋਂ ਵੀ ਸਰਕਾਰ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਸਰਕਾਰ ਦੀ ਅਜਿਹੀ ਬੇਰੁਖ਼ੀ ਦੇਖ ਕੇ ਮੋਰਚੇ ਨੇ ਹਰਕਤ ਵਿੱਚ ਆਉਂਦੇ ਹੋਏ ਫ਼ੈਸਲਾ ਕੀਤਾ ਕਿ 21 ਮਾਰਚ ਨੂੰ ਪਹਿਲਾਂ ਜਿਲ੍ਹਾ ਪੱਧਰ ਤੇ ਡਿੱਪਟੀ ਕਮਿਸ਼ਨਰਾਂ ਨੂੰ ਰਾਸ਼ਟਰਪਤੀ ਦੇ ਨਾਂ ਤੇ ਮੰਗ-ਪੱਤਰ ਦਿੱਤਾ ਜਾਵੇਗਾ।ਇਸ ਤੋਂ ਬਾਅਦ ਅੱਜ ਦੇ ਦਿਨ,21
ਮਾਰਚ ਨੂੰ ਮੁਹਾਲੀ ਵਿੱਖੇ ਵੱਡਾ ਇੱਕਠ ਕਰਨ ਦਾਅਵਾ ਕੀਤਾ ਗਿਆ ਸੀ ਤੇ ਉਸ ਦਾਅਵੇ ਤੋਂ ਵੀ ਕੀਤੇ ਜਿਆਦਾ ਇੱਕਠ ਅੱਜ ਰੈਲੀ ਵਿੱਚ ਹੋਇਆ ਤੇ ਕਿਸਾਨ ਏਕਤਾ,ਜਿੰਦਾਬਾਦ ਦੇ ਨਾਹਰਿਆਂ ਨੇ ਆਸਮਾਨ ਗੂੰਜਣ ਲਗਾ ਦਿੱਤਾ। ਅੱਜ ਸਵੇਰੇ ਹੀ ਪੰਜਾਬ ਤੇ ਹਰਿਆਣਾ ਦੇ ਕਿਸਾਨ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਪੁੱਡਾ ਮੈਦਾਨ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਦੁਪਹਿਰ ਤੱਕ ਕਿਸਾਨਾਂ ਦੀ ਵੱਡੀ ਭੀੜ ਹੋ ਗਈ।ਅੱਜ ਦੀ ਇਸ ਰੈਲੀ ਵਿੱਚ ਹਰਿਆਣਾ-ਪੰਜਾਬ ਦੀਆਂ ਤਕਰੀਬਨ ਸਾਰੀਆਂ ਜਥੇਬੰਦੀਆਂ ਸ਼ਾਮਿਲ ਹੋਈਆਂ।ਕਿਸਾਨ ਆਗੂਆਂ ਦੀ ਗੱਲ ਕਰੀਏ ਤਾਂ ਜਗਜੀਤ ਸਿੰਘ ਡੱਲੇਵਾਲ ,ਰਾਕੇਸ਼ ਟਿਕੈਤ,ਹਰਿੰਦਰ ਸਿੰਘ ਲੱਖੋਵਾਲ,ਬਲਦੇਵ ਸਿੰਘ ਸਿਰਸਾ, ਡਾ. ਦਰਸ਼ਨਪਾਲ ਤੇ ਹੋਰ ਕਈ ਲੀਡਰਾਂ ਨੇ ਰੈਲੀ ਨੂੰ ਸੰਬੋਧਨ ਕੀਤਾ ।
ਕਿਸਾਨਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੇ ਐਲਾਨ ਕੀਤਾ ਕਿ ਗਵਰਨਰ ਨੂੰ ਮਿਲਣ ਲਈ ਹਰ ਜਥੇਬੰਦੀ ਦੇ ਇੱਕ-ਇੱਕ ਆਗੂ ਨੂੰ ਮੰਗ ਪੱਤਰ ਦੇਣ ਲਈ ਇੱਕਠੇ ਬੁਲਾਇਆ ਗਿਆ ਹੈ ਤੇ 40 ਮੈਂਬਰ ਬੱਸ ਰਾਹੀਂ ਰਾਜਪਾਲ ਨੂੰ ਮਿਲਣ ਲਈ ਜਾਵੇਗਾ ਤੇ ਮੰਗ ਪੱਤਰ ਦੇਵੇਗਾ।
ਇਸ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ ਸਣੇ ਕਿਸਾਨਾਂ ਦੇ 40 ਮੈਂਬਰੀ ਵਫ਼ਦ ਨੇ ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਕਿਸਾਨੀ ਮੰਗਾਂ ਸਬੰਧੀ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਮ ਲਿਖੇ ਮੰਗ ਪੱਤਰ ਦਿੱਤੇ । ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਐੱਮਐੱਸਪੀ ਸਮੇਤ ਹੋਰ ਜਾਇਜ਼ ਮੰਗਾਂ ਬਾਰੇ ਕਿਸਾਨਾਂ ਨਾਲ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ ਗਏ ਹਨ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਜੇ ਪ੍ਰਧਾਨ ਮੰਤਰੀ ਨੇ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਦੀਆਂ ਬਾਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮੁੜ ਤੋਂ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ ਹੋਏ ਇੱਕਠ ਨੇ ਅੱਜ ਇੱਕ ਵਾਰ ਫਿਰ ਸਾਬਤ ਕਰ ਦਿਤਾ ਕਿ ਨਾ ਦੇਸ਼ ਦਾ ਕਿਸਾਨ ਕਮਜ਼ੋਰ ਪਿਆ ਹੈ,ਤੇ ਨਾ ਸੰਯੁਕਤ ਕਿਸਾਨ ਮੋਰਚਾ।ਕਿਸਾਨ ਆਗੂ ਟਿਕੈਤ ਦੇ ਸ਼ਬਦਾਂ ਚ ਕਿਹਾ ਜਾਵੇ ਤਾਂ ਜੇਕਰ ਸਰਕਾਰ ਨੇ ਮੰਗਾ ਨਹੀਂ ਮੰਨੀਆਂ ਤਾਂ ਕਿਸਾਨ ਦੇ ਟਰੈਕਟਰ ਦਾ ਰੁੱਖ ਮੁੱੜ ਦਿੱਲੀ ਵੱਲ ਨੂੰ ਹੁੰਦਿਆਂ ਦੇਰ ਨਹੀਂ ਲਗੇਗੀ।

Exit mobile version