ਫਾਜ਼ਿਲਕਾ: ਜਲਾਲਾਬਾਦ ਦੀ ਢਾਣੀ ਮੋਹਰੀ ਰਾਮ ’ਚ ਇੱਕ ਕਿਸਾਨ ਦੀ ਸ਼ੱਕੀ ਹਾਲਾਤਾਂ ’ਚ ਲਾਸ਼ ਮਿਲੀ ਹੈ। ਪਰਿਵਾਰ ਦਾ ਮੰਨਣਾ ਹੈ ਕਿ ਕਿਸਾਨ ਦਾ ਕਤਲ ਕੀਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਕਤਲ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੇ ਹੀ ਮ੍ਰਿਤਕ ਦਾ ਅੰਤਿਮ ਸਸਕਾਰ ਕਰਨ ਦੀ ਅਗਵਾਈ ਕੀਤੀ ਸੀ।
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਉਕਤ ਵਿਅਕਤੀਆਂ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਸੁਭਾਸ਼ ਕੁਮਾਰ ਦੇ ਪੁੱਤਰ ਪੰਕੁਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਰਾਤ ਨੂੰ ਖੇਤਾਂ ਦੀ ਸਿੰਚਾਈ ਕਰਨ ਗਿਆ ਸੀ। ਸਵੇਰੇ ਉਸ ਦੀ ਲਾਸ਼ ਖੇਤ ’ਚੋਂ ਮਿਲੀ। ਹਾਲਾਂਕਿ ਉਸ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਪਿਤਾ ਦਾ ਕਤਲ ਕੀਤਾ ਗਿਆ ਹੈ।
ਜਲਦਬਾਜ਼ੀ ਵਿੱਚ ਕਰਵਾਇਆ ਅੰਤਿਮ ਸੰਸਕਾਰ
ਪੰਕੁਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦਾ ਕਤਲ ਕਰਨ ਵਾਲੇ ਲੋਕਾਂ ਵੱਲੋਂ ਹੀ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਲੋਕਾਂ ਨੇ ਹੀ ਅੱਗੇ ਲੱਗ ਕੇ ਜਲਦਬਾਜ਼ੀ ਵਿੱਚ ਉਸਦੇ ਪਿਤਾ ਦਾ ਸਸਕਾਰ ਵੀ ਕਰਵਾ ਦਿੱਤਾ। ਪਰ ਜਦੋਂ ਪਰਿਵਾਰ ਨੇ ਖੇਤ ਵਿੱਚ ਪਾਣੀ ਵਾਲੀ ਪਲਾਸਟਿਕ ਦੀ ਪਾਈਪ ਤੇ ਇੱਕ ਲੱਕੜੀ ਖ਼ੂਨ ਨਾਲ ਲਥਪਥ ਵੇਖੀ ਤਾਂ ਮਾਮਲਾ ਉਲਝ ਗਿਆ।
ਇਸ ਤੋਂ ਬਾਅਦ ਖੇਤ ਦੇ ਸਾਹਮਣੇ ਸਰਪੰਚ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਅੱਧੀ ਰਾਤ ਨੂੰ ਪਿੰਡ ਦੇ ਉਕਤ ਲੋਕ ਉਸ ਦੇ ਖੇਤ ਦੇ ਆਲੇ-ਦੁਆਲੇ ਲੰਘਦੇ ਦੇਖੇ ਗਏ, ਜਿਸ ਤੋਂ ਬਾਅਦ ਸਵੇਰੇ ਦੋ ਵਿਅਕਤੀਆਂ ਵਿੱਚੋਂ ਇੱਕ ਮ੍ਰਿਤਕ ਦੀ ਲਾਸ਼ ਵੇਖ ਕੇ ਫਰਾਰ ਹੁੰਦਾ ਨਜ਼ਰ ਆ ਰਿਹਾ ਹੈ।
ਮੁਲਜ਼ਮ ਘਰੋਂ ਫਰਾਰ
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਕਤ ਲੋਕ ਆਪਣੇ ਘਰੋਂ ਭੱਜ ਗਏ, ਜਿਸ ’ਤੇ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਜਲਾਲਾਬਾਦ ਦੇ ਡੀਐਸਪੀ ਏ ਆਰ ਸ਼ਰਮਾ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਜਿਸ ਦੀ ਜਾਂਚ ਵਿੱਚ ਜੋ ਵੀ ਮੁਲਜ਼ਮ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।