‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :-ਕਿਸਾਨਾਂ ਨੇ ਪੁਲਿਸ ਬੈਰੀਕੇਡ ਤੋੜ ਕੇ ਮਿੰਨੀ ਸਕੱਤਰੇਤ ਦਾ ਘਿਰਾਉ ਕਰ ਲਿਆ ਹੈ। ਕਿਸਾਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਪਾਣੀ ਦੀਆਂ ਬੁਛਾੜਾਂ ਛੱਡੀਆਂ। ਪੱਥਰਬਾਜ਼ੀ ਦੀ ਵੀ ਖ਼ਬਰ ਮਿਲ ਰਹੀ ਹੈ। ਕਿਸਾਨਾਂ ਵੱਲੋਂ ਅੱਜ ਹਰਿਆਣਾ ਦੇ ਕਰਨਾਲ ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਮਿੰਨੀ ਸਕੱਤਰੇਤ ਦੇ ਘਿਰਾਓ ਦੇ ਮੱਦੇਨਜ਼ਰ ਖੱਟਰ ਸਰਕਾਰ ਨੇ 5 ਜ਼ਿਲ੍ਹਿਆਂ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਨੀਪਤ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।ਬੀਤੇ ਕੱਲ੍ਹ ਤੋਂ ਬੰਦ ਇਹ ਸੇਵਾਵਾਂ ਅੱਜ ਵੀ ਅੱਧੀ ਰਾਤ ਦੇ 11:59 ਵਜੇ ਤੱਕ ਬੰਦ ਰਹਿਣਗੀਆਂ। ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ।
ਕਿਸਾਨ ਲੀਡਰਾਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਬੇਨਤੀਜਾ ਰਹੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਅੱਗੇ ਐੱਸਡੀਐੱਮ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਗੱਲ ਸਿਰੇ ਨਹੀਂ ਚੜੀ ਹੈ। ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਮੰਨੀ ਹੈ। ਹੁਣ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਕੋਈ ਅਗਲਾ ਫੈਸਲਾ ਲਿਆ ਜਾਵੇਗਾ। ਹੁਣ ਅਸੀਂ ਮੰਡੀ ਵਿੱਚ ਜਾ ਕੇ ਮੀਟਿੰਗ ਕਰਕੇ ਕੋਈ ਫੈਸਲਾ ਲਵਾਂਗੇ। ਕਿਸਾਨਾਂ ਦੇ 11 ਮੈਂਬਰੀ ਵਫ਼ਦ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਵਿੱਚ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ, ਰਾਕੇਸ਼ ਟਿਕੈਤ ਤੇ ਬਲਬੀਰ ਸਿੰਘ ਰਾਜੇਵਾਲ ਸ਼ਾਮਿਲ ਸਨ।
ਕਰਨਾਲ ਵਿੱਚ ਮਿੰਨੀ ਸਕੱਤਰੇਤ ਘੇਰਨ ਜਾ ਰਹੇ ਕਿਸਾਨ ਲੀਡਰਾਂ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਅਤੇ ਬਾਅਦ ਵਿੱਚ ਕਿਸਾਨਾਂ ਦੇ ਦਬਾਅ ਵਿੱਚ ਰਿਹਾਅ ਕਰ ਦਿੱਤਾ। ਦੱਸ ਦਈਏ ਕਿ ਕਿਸਾਨ ਲੀਡਰ ਯੋਗਿੰਦਰ ਯਾਦਵ ਨੇ ਬਕਾਇਦਾ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਸੀ, ਪਰ ਬਾਅਦ ਵਿੱਚ ਪੁਲਿਸ ਨੂੰ ਹਿਰਾਸਤ ਵਿੱਚ ਲਏ ਵੱਡੇ ਕਿਸਾਨ ਲੀਡਰਾਂ ਰਾਕੇਸ਼ ਟਿਕੈਤ, ਗੁਰਨਾਮ ਚੜੂਨੀ, ਬਲਬੀਰ ਰਾਜੇਵਾਲ ਤੇ ਯੋਗਿੰਦਰ ਯਾਦਵ ਅਤੇ ਹੋਰ ਆਗੂਆਂ ਨੂੰ ਛੱਡਣਾ ਪਿਆ।