The Khalas Tv Blog Khetibadi ਕਿਸਾਨਾਂ ਵੱਲੋਂ ਰੋਪੜ-ਚੰਡੀਗੜ੍ਹ ਹਾਈਵੇਅ ਜਾਮ, ਸਤਲੁਜ ਦਰਿਆ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੀ ਮੰਗ
Khetibadi Punjab

ਕਿਸਾਨਾਂ ਵੱਲੋਂ ਰੋਪੜ-ਚੰਡੀਗੜ੍ਹ ਹਾਈਵੇਅ ਜਾਮ, ਸਤਲੁਜ ਦਰਿਆ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੀ ਮੰਗ

ਬਿਊਰੋ ਰਿਪੋਰਟ (6 ਸਤੰਬਰ, 2025): ਇਸ ਵੇਲੇ ਪੂਰਾ ਪੰਜਾਬ ਹੜ੍ਹਾਂ ਦੀ ਚਪੇਟ ਵਿੱਚ ਹੈ। ਕਿਸਾਨਾਂ ਤੇ ਆਮ ਲੋਕਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋ ਰਿਹਾ ਹੈ। ਇਸੇ ਦੌਰਾਨ ਸਤਲੁਜ ਦਰਿਆ ਦੇ ਕਿਨਾਰਿਆਂ ਨੂੰ ਪੱਕੇ ਕਰਨ ਦੀ ਮੰਗ ਕਰਦਿਆਂ ਕਿਸਾਨਾਂ ਨੇ ਸ਼ਨੀਵਾਰ ਨੂੰ ਰੋਪੜ-ਚੰਡੀਗੜ੍ਹ ਹਾਈਵੇਅ ਉੱਤੇ ਧਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ। ਰੂਪਨਗਰ ਜ਼ਿਲ੍ਹੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਪੁਲਿਸ ਲਾਈਨ ਰੂਪਨਗਰ ਦੇ ਸਾਹਮਣੇ ਧਰਨਾ ਲਗਾ ਕੇ ਦਾਊਦਪੁਰ ਅਤੇ ਫਸੇ ਵਿਖੇ ਸਤਲੁਜ ਦਰਿਆ ਦੇ ਕਿਨਾਰਿਆਂ ਨੂੰ ਪੱਕੇ ਤੌਰ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ।

ਇਸ ਮੌਕੇ ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ ਤੇ ਹੋਰ ਆਗੂਆਂ ਨੇ ਆਪਣਾ ਪੱਖ ਰੱਖਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਫੌਜ ਵੱਲੋਂ ਪਿੰਡ ਦਾਊਦਪੁਰ ਅਤੇ ਫੱਸੇ ਵਿਖੇ ਸਤਲੁਜ ਦਰਿਆ ਦੇ ਕਿਨਾਰਿਆਂ ਵਿੱਚ ਪੈ ਰਹੇ ਪਾੜ ਨੂੰ ਰੇਤੇ ਦੇ ਭਰੇ ਥੈਲੇ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਰੇਤੇ ਦੇ ਥੈਲੇ ਦਰਿਆ ਦੇ ਤੇਜ਼ ਪਾਣੀ ਅੱਗੇ ਰੁਕ ਨਹੀਂ ਰਹੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਸੂਖਵਾਨਾਂ ਅਤੇ ਸਾਬਕਾ ਉੱਚ ਅਧਿਕਾਰੀਆਂ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਵਿੱਚ ਲੱਗੇ ਦਰੱਖ਼ਤਾਂ ਨੂੰ ਬਚਾਉਣ ਲਈ ਆਮ ਲੋਕਾਂ ਦਾ ਨੁਕਸਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਦਰਿਆ ਦਾ ਰੁਖ਼ ਸਿੱਧਾ ਕਰ ਦਿੱਤਾ ਜਾਵੇਗਾ ਤਾਂ ਦੋਵੇਂ ਥਾਵਾਂ ’ਤੇ ਦਰਿਆ ਦੇ ਕੰਢਿਆਂ ਨੂੰ ਖੋਰਾ ਲੱਗਣਾ ਆਪਣੇ ਆਪ ਬੰਦ ਹੋ ਜਾਵੇਗਾ।

ਧਰਨਾ ਦੇ ਰਹੇ ਕਿਸਾਨਾਂ ਨੇ ਮੰਗ ਕੀਤੀ ਕਿ ਦਰਿਆ ਦੇ ਕੰਢਿਆਂ ਨੂੰ ਪੱਥਰਾਂ ਦੀ ਕਰੇਟ ਵਾਲ ਲਗਾ ਕੇ ਮਜ਼ਬੂਤ ਕੀਤਾ ਜਾਵੇ। ਇਹ ਵੀ ਇਲਜ਼ਾਮ ਲਗਾਇਆ ਕਿ ਸਥਾਨਕ ਪੱਧਰ ਦੇ ਅਧਿਕਾਰੀ ਉੱਚ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਗੁਮਰਾਹ ਕਰ ਰਹੇ ਹਨ।

ਇਹ ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ, ਜਿਸ ਕਾਰਨ ਆਮ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਡੀਸੀ ਵਰਜੀਤ ਵਾਲੀਆ ਨੇ ਕਿਹਾ ਕਿ ਦਾਊਦਪੁਰ ਅਤੇ ਫਸੇ ਵਿਖੇ ਆਮ ਲੋਕਾਂ ਅਤੇ ਫੌਜ ਦੇ ਸਹਿਯੋਗ ਨਾਲ ਬੰਨ੍ਹ ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਤੇ ਕਿਸੇ ਤਰ੍ਹਾਂ ਦੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।

Exit mobile version