‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨਾਲ ਅਤੇ ਲੋਕਲ ਕਮੇਟੀ ਨਾਲ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਸਿੰਘ ਬਾਰਡਰ ਕਜ਼ਾਰੀਆਂ ਹਾਊਸ ਵਿੱਚ ਮੀਟਿੰਗ ਹੋਈ ਹੈ। ਕਿਸਾਨ ਲੀਡਰਾਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਟਿਕਰੀ ਬਾਰਡਰ ‘ਤੇ ਜੋ ਆਤਮ ਹੱਤਿਆ ਹੋਈ, ਉਸਨੂੰ ਬੀਜੇਪੀ ਵੱਲੋਂ ਜਾਣ-ਬੁੱਝ ਕੇ ਕਤਲ ਦਾ ਮਾਮਲਾ ਬਣਵਾਇਆ ਗਿਆ ਅਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਨੇ ਐੱਸਪੀ ਨਾਲ ਮੁਲਾਕਾਤ ਕੀਤੀ ਅਤੇ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ। ਕਿਸਾਨ ਲੀਡਰਾਂ ਨੇ ਕਿਹਾ ਕਿ ਆਤਮ ਹੱਤਿਆ ਕਰਨ ਵਾਲੇ ਵੱਲੋਂ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਉਹ ਆਪਣੇ ਪਰਿਵਾਰ ਤੋਂ ਬਹੁਤ ਦੁਖੀ ਹੈ। ਐੱਸਪੀ ਨੇ ਕਿਹਾ ਕਿ ਇੱਕ ਦੋ ਦਿਨਾਂ ਵਿੱਚ ਉਹ ਇਸ ਮਾਮਲੇ ਦੀ ਜਾਂਚ ਕਰਕੇ ਦਰਜ ਹੋਏ ਨਜਾਇਜ਼ ਪਰਚੇ ਨੂੰ ਰੱਦ ਕਰ ਦੇਣਗੇ।
ਮੀਟਿੰਗ ਵਿੱਚ ਲਏ ਗਏ ਫੈਸਲੇ
- ਹਰ ਪਿੰਡ ਵਿੱਚ ਵਲੰਟੀਅਰ ਬਣਾਏ ਜਾਣਗੇ ਅਤੇ ਹਰ ਪਿੰਡ ਵਿੱਚ ਪੰਚਾਇਤਾਂ ਕਰਕੇ ਖੇਤੀ ਕਾਨੂੰਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
- ਕਿਸਾਨ ਲੀਡਰਾਂ ਨੇ ਕਿਹਾ ਕਿ ਅੰਦੋਲਨ ਦੌਰਾਨ ਸਾਡੇ ਕੋਲੋਂ ਜਾਣੇ-ਅਣਜਾਣੇ ਵਿੱਚ ਜੇ ਕੋਈ ਭੁੱਲ ਹੋ ਗਈ ਹੋਵੇ ਤਾਂ ਉਸ ਲਈ ਅਸੀਂ ਮੁਆਫੀ ਮੰਗਦੇ ਹਾਂ।
- ਸਰਕਾਰ ਵੱਲੋਂ ਕਿਸਾਨਾਂ ਵਿੱਚ ਕਿਸਾਨਾਂ ਦੇ ਰੂਪ ਵਿੱਚ ਭੇਜੇ ਗਏ ਸਰਕਾਰ ਦੇ ਨੁਮਾਇੰਦਿਆਂ ਨੂੰ ਅੰਦੋਲਨ ਖਰਾਬ ਕਰਨ ਲਈ ਭੇਜਿਆ ਗਿਆ ਹੈ। ਇਸਦੇ ਲਈ ਅਸੀਂ ਇੱਕ ਤਾਲਮੇਲ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਅਸੀਂ ਅਜਿਹੇ ਲੋਕਾਂ ‘ਤੇ ਨਿਗਰਾਨੀ ਰੱਖ ਸਕੀਏ। ਸਾਰੇ ਬਾਰਡਰਾਂ ‘ਤੇ ਵਲੰਟੀਅਰਾਂ ਨੂੰ ਤਾਇਨਾਤ ਕੀਤਾ ਜਾਵੇਗਾ।
- ਕਿਸਾਨ ਲੀਡਰਾਂ ਨੇ ਕਿਹਾ ਕਿ 20-25 ਪਿੰਡਾਂ ਵੱਲੋਂ ਸੋਮਵਾਰ ਨੂੰ ਮੋਟਰ ਸਾਈਕਲ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਹੱਕ ਵਿੱਚ ਨਾਅਰੇ ਲਾ ਕੇ ਸੰਯੁਕਤ ਮੋਰਚੇ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।
- ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਸਟੇਜ ਤੋਂ ਸੰਬੋਧਨ ਕਰਨ ਦੀ ਮੰਗ ਕੀਤੀ ਸੀ। ਇਸ ਲਈ 27 ਜੂਨ ਨੂੰ ਇੱਕ ਦਿਨ ਸੰਯੁਕਤ ਕਿਸਾਨ ਮੋਰਚਾ ਦਾ ਮੰਚ ਸਥਾਨਕ ਪਿੰਡ ਵਾਸੀਆਂ ਨੂੰ ਦਿੱਤਾ ਜਾਵੇਗਾ।
- ਸਦਭਾਵਨਾ ਮਿਸ਼ਨ ਦੇ ਤਹਿਤ ਸਦਭਾਵਨਾ ਦਿਵਸ 27 ਜੂਨ ਨੂੰ ਮਨਾਇਆ ਜਾਵੇਗਾ। ਉਸ ਦਿਨ ਸਾਰੇ ਲੋਕਲ ਲੋਕ ਮੰਚ ਸੰਭਾਲਣਗੇ। ਇਸ ਵਿੱਚ ਸਥਾਨਕ ਲੋਕਾਂ ਨੂੰ ਸਾਡੇ ਕਰਕੇ ਜੋ ਪਰੇਸ਼ਾਨੀਆਂ ਹੋਈਆਂ, ਉਸ ਲਈ ਮੁਆਫੀ ਮੰਗ ਕੇ ਉਸਨੂੰ ਦੂਰ ਕੀਤਾ ਜਾਵੇਗਾ।