The Khalas Tv Blog Khetibadi ਸਰਕਾਰੀ ਅਦਾਰੇ ਹੀ ਕਿਸਾਨਾਂ ਨੂੰ ਵੰਡ ਰਹੇ ਨਕਲੀ ਖਾਦਾਂ! ਕਿਸਾਨਾਂ ਵੱਲੋਂ ਸੰਘਰਸ਼ ਵਿੱਢਣ ਦੀ ਚੇਤਾਵਨੀ, ‘DAP ਖਾਦ ਦਾ ਪ੍ਰਬੰਧ ਕਰੇ ਸਰਕਾਰ, ਨਹੀਂ ਤਾਂ…!’
Khetibadi Punjab

ਸਰਕਾਰੀ ਅਦਾਰੇ ਹੀ ਕਿਸਾਨਾਂ ਨੂੰ ਵੰਡ ਰਹੇ ਨਕਲੀ ਖਾਦਾਂ! ਕਿਸਾਨਾਂ ਵੱਲੋਂ ਸੰਘਰਸ਼ ਵਿੱਢਣ ਦੀ ਚੇਤਾਵਨੀ, ‘DAP ਖਾਦ ਦਾ ਪ੍ਰਬੰਧ ਕਰੇ ਸਰਕਾਰ, ਨਹੀਂ ਤਾਂ…!’

ਬਿਉਰੋ ਰਿਪੋਰਟ: ਸ਼ੰਭੂ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਮੀਟਿੰਗ ਹੋਈ। ਜਥੇਬੰਦੀ ਦੇ ਸੂਬਾ ਪ੍ਰਧਾਨ ਸੀਨੀਅਰ ਮੀਤ ਜਸਵੀਰ ਸਿੰਘ ਸਿੱਧੂਪੁਰ, ਕਾਕਾ ਸਿੰਘ ਕੋਟੜਾ, ਮੇਹਰ ਸਿੰਘ ਥੇੜੀ, ਤੇ ਮਾਨ ਸਿੰਘ ਰਾਜਪੁਰਾ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਰਕਾਰੀ ਏਜੰਸੀ ਮਾਰਕਫੈਡ ਕਿਸਾਨਾਂ ਨੂੰ ਨਕਲੀ ਡੀਏਪੀ ਖਾਦ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਆਰਥਿਕ ਤੌਰ ’ਤੇ ਲੁੱਟ ਕਰ ਰਹੀ ਹੈ ਅਤੇ ਉਸ ਨਕਲੀ ਖਾਦ ਨੂੰ ਵੰਡਣ ਵਾਲੀ ਕੋਆਪ੍ਰੇਟਿਵ ਸੋਸਾਇਟੀ ਵੀ ਸਰਕਾਰੀ ਹੈ। ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਤੋਂ ਲੁੱਟਿਆ ਗਿਆ ਪੈਸਾ ਵੀ ਸਰਕਾਰੀ ਖਜ਼ਾਨੇ ਵਿੱਚ ਹੀ ਜਮ੍ਹ ਹੋਇਆ ਹੈ। ਇਸ ਲਈ ਪੰਜਾਬ ਸਰਕਾਰ ਕਿਸਾਨਾਂ ਦਾ ਉਹ ਪੈਸਾ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ ’ਤੇ ਵਾਪਸ ਦੇਵੇ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਆਲੂ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਅਤੇ ਨਾਲ ਦੀ ਨਾਲ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਜਾਣੀ ਹੈ ਪਰ ਕਿਸਾਨਾਂ ਨੂੰ ਆਪਣੀ ਫਸਲ ਬੀਜਣ ਲਈ ਕਿਸੇ ਪਾਸੇ ਤੋਂ ਵੀ DAP ਖਾਦ ਨਹੀਂ ਮਿਲ ਰਹੀ, ਜਿਸ ਕਾਰਨ ਅਜਿਹੇ ਹਾਲਾਤਾਂ ਵਿੱਚ ਕਿਸਾਨ ਦੀ ਜਾਨ ਕੁੜਿਕੀ ਵਿੱਚ ਫਸੀ ਹੋਈ ਹੈ।

ਉਨ੍ਹਾਂ ਕਿਹਾ ਕਿ ਜਿਹੜੀ DAP ਖਾਦ ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈਡ ਵੱਲੋਂ ਪਿਛਲੇ ਦਿਨੀਂ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੀ ਗਈ ਸੀ, ਉਸ ਦੇ ਵੀ 60% ਸੈਂਪਲ ਫੇਲ੍ਹ ਹੋ ਗਏ ਸਨ ਅਤੇ ਜਿਹੜੇ 40% ਸੈਂਪਲ ਪਾਸ ਹੋਏ ਸੀ ਉਹ ਵੀ ਸ਼ੱਕ ਦੇ ਦਾਇਰੇ ਵਿੱਚ ਹੀ ਹਨ। ਉਨ੍ਹਾਂ ਕਿਹਾ ਕਿ ਇਸ ਦੀ ਫਾਈਲ ਮੁੱਖ ਮੰਤਰੀ ਦੇ ਮੇਜ਼ ਉੱਪਰ ਕਈ ਮਹੀਨਿਆਂ ਦੀ ਪਈ ਹੈ ਪਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਕਲੀ ਖਾਦ ਮੁਹੱਈਆ ਕਰਵਾਉਣ ਵਾਲੇ ਦੋਸ਼ੀ ਅਧਿਕਾਰੀਆਂ ਉੱਪਰ ਕਾਰਵਾਈ ਕਰਨ ਦੀ ਬਜਾਏ ਇਸ ਬਹੁ ਕਰੋੜੀ ਘਪਲੇ ਨੂੰ ਠੰਡੇ ਵਸਤੇ ਵਿੱਚ ਪਾਉਣ ਦੀਆਂ ਹੀ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।

ਇਸ ਤੋਂ ਬਾਅਦ ਮੇਹਰ ਸਿੰਘ ਥੇੜੀ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਤੋਂ ਕਿਸਾਨਾਂ ਨੂੰ ਕੋਈ ਖਾਦ ਮਿਲਣ ਦੀ ਉਮੀਦ ਨਹੀਂ ਰਹੀ ਹੈ ਅਤੇ ਜਿੰਨੀ ਕੁ ਖਾਦ ਸਹਿਕਾਰੀ ਸਭਾਵਾਂ ਅਤੇ ਪ੍ਰਾਈਵੇਟ ਡੀਲਰਾਂ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਉਹ ਵੀ ਸ਼ਰਤਾਂ ਲਗਾ ਕੇ ਉਸ ਖਾਦ ਨਾਲ ਵੀ ਬੇਲੋੜੀਆਂ ਵਸਤੂਆਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅੱਜ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਹੈ ਕਿ ਜੇਕਰ DAP ਖਾਦ ਦਾ ਪ੍ਰਬੰਧ ਸਰਕਾਰ ਵੱਲੋਂ ਜਲਦੀ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਸਰਕਾਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ, ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜਨ ਲਈ ਅਤੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ।

ਇਸ ਦੇ ਨਾਲ ਹੀ ਕਿਸਾਨਾਂ ਨੇ ਕੈਬਨਿਟ ਮੀਟਿੰਗ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾਉਣ ਅਤੇ 7 ਕਿੱਲੋਵਾਟ ਤੱਕ ਬਿਜਲੀ ਮਹਿੰਗੀ ਕਰਨ ਦੇ ਕਿਸਾਨ ਵਿਰੋਧੀ ਫੈਸਲੇ ਤੁਰੰਤ ਵਾਪਿਸ ਲੈਣ ਦੀ ਵੀ ਚੇਤਾਵਨੀ ਦਿੱਤੀ ਹੈ। ਨਹੀਂ ਤਾਂ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਦਾ ਦਾਅਵਾ ਹੈ ਕਿ 15 ਸਤੰਬਰ ਨੂੰ ਹਰਿਆਣੇ ਦੇ (ਜੀਂਦ) ਉਚਾਨਾ ਵਿੱਚ ਹੋਰ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਬੀਕੇਯੂ ਸਿੱਧੂਪੁਰ ਵੱਲੋ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

Exit mobile version