The Khalas Tv Blog Punjab ਕਿਸਾਨ ਸੁਖਵਿੰਦਰ ਸਿੰਘ ਨੂੰ ਕਿਸਾਨ ਆਗੂਆਂ ਵੱਲੋਂ ਨਾਅਰਿਆਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ
Punjab

ਕਿਸਾਨ ਸੁਖਵਿੰਦਰ ਸਿੰਘ ਨੂੰ ਕਿਸਾਨ ਆਗੂਆਂ ਵੱਲੋਂ ਨਾਅਰਿਆਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ

ਖੰਨਾ : ਲੰਘੇ ਕੱਲ੍ਹ ਸੰਭੂ ਮੋਰਚੇ ਤੋਂ ਵਾਪਸ ਜਾਂਦੇ ਕਿਸਾਨ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ ਹਜ਼ਾਰਾਂ ਕਿਸਾਨਾਂ ਮਜਦੂਰਾਂ ਤੇ ਔਰਤਾਂ ਵੱਲੋਂ ਅੰਤਿਮ ਵਿਦਾਇਗੀ ਦਿੱਤੀ ਗਈ। ਇਹ ਜਾਣਕਾਰੀ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲੋਂ ਮੰਗ ਹੈ ਕਿ ਸ਼ਹੀਦ ਦੇ ਪਰਿਵਾਰ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ, ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 5 ਲੱਖ ਦੀ ਨਕਦ ਸਹਾਇਤਾ ਰਾਸ਼ੀ ਦਿੱਤੀ ਜਾਵੇ, ਹਾਦਸੇ ਵਿੱਚ ਜ਼ਖਮੀ ਕਿਸਾਨ ਬਲਜੀਤ ਸਿੰਘ ਨੂੰ 1 ਲੱਖ ਦੀ ਸਹਾਇਤਾ ਰਾਸ਼ੀ ਅਤੇ ਇਲਾਜ਼ ਦਾ ਸਾਰਾ ਖਰਚਾ ਸਰਕਾਰ ਦੁਆਰਾ ਕੀਤਾ ਜਾਵੇ।

ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ 143 ਦਿਨ ਵਿੱਚ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਵੋਟ ਦੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਬਾਰੇ ਸੰਸਦ ਵਿੱਚ ਬੋਲਣ ਤੇ ਮਜਬੂਰ ਹੋਣਾ ਪਿਆ ਹੈ ਇਸਨੇ ਕਈ ਮਿੱਥਕ ਤੋੜੇ ਹਨ, ਅੰਦੋਲਨ ਨੇ ਸਾਬਿਤ ਕੀਤਾ ਹੈ ਕਿ ਜਦੋਂ ਦੇਸ਼ ਦੇ ਲੋਕ ਇੱਕਠ ਕਰ ਕੇ ਤਹੀਆ ਕਰ ਲੈਣ ਤਾਂ ਰਾਜਨੀਤਿਕ ਪਾਰਟੀਆਂ ਨੂੰ ਲੋਕ ਮੁੱਦਿਆਂ ਤੇ ਗੌਰ ਕਰਨ ਲਈ ਮਜਬੂਰ ਕਰ ਲੈਂਦੇ ਹਨ।

ਪੰਧੇਰ ਨੇ ਕਿਹਾ ਕਿ ਅੰਦੋਲਨ ਨੇ ਕਈ ਬੁੱਧੀਜੀਵੀਆਂ ਅਤੇ ਅੰਦੋਲਨ ਬਾਰੇ ਭੁਲੇਖਾ ਰੱਖਣ ਵਾਲੇ ਸਾਰੇ ਲੀਡਰਾਂ ਦੇ ਭਰਮ ਤੋੜੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਲੋਕਾਂ ਤੇ ਪੂਰਨ ਵਿਸ਼ਵਾਸ ਹੈ ਅਤੇ ਸਾਡਾ ਅਹਿਦ ਹੈ ਕਿ ਦੇਸ਼ ਦੇ ਕਿਸਾਨ ਮਜਦੂਰ ਦੇ ਹਿੱਤਾਂ ਵਾਲੀਆਂ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਸੰਘਰਸ਼ ਕੀਤਾ ਜਾਵੇਗਾ।

ਪੰਧੇਰ ਨੇ ਕਿਹਾ ਕਿ ਮੋਰਚੇ ਦੇ ਦੋਨਾਂ ਫੋਰਮਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦ ਤੋਂ ਜਲਦ ਸਰਕਾਰ ਵੱਲੋਂ ਸੜਕਾਂ ਤੇ ਕੰਧਾ ਕੱਢ ਕੇ ਬੰਦ ਕੀਤੇ ਗਏ ਰਾਸ਼ਟਰੀ ਮਾਰਗ ਖੋਲ੍ਹੇ ਜਾਣ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਮਜਦੂਰ ਸ਼ਾਂਤਮਈ ਤਰੀਕੇ ਨਾਲ ਇੱਥੇ ਬੈਠੇ ਹਨ ਓਸੇ ਤਰ੍ਹਾ ਦਿੱਲੀ ਜਾ ਕੇ ਆਪਣੀ ਗੱਲ ਰੱਖ ਸਕਣ, ਇਸ ਗੱਲ ਦਾ ਅਧਿਕਾਰ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਲੋਕਤੰਤਰ ਸਦਵਾਉਣ ਵਾਲੇ ਦੇਸ਼ ਦੀ ਸਰਕਾਰ ਵੱਲੋਂ ਕਿਸਾਨਾਂ ਮਜਦੂਰਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ 8 ਜੁਲਾਈ ਨੂੰ ਦੇਸ਼ ਭਰ ਵਿਚ ਗੈਰ ਭਾਜਪਾ ਸੰਸਦ ਮੈਂਬਰਾਂ ਨੂੰ ਮੋਰਚੇ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ।

Exit mobile version