The Khalas Tv Blog India ਖ਼ਾਸ ਲੇਖ: ਟਿਕੈਤ ਨੇ ਦਿੱਤਾ ਸਰਕਾਰ ਦੀ ਚਿੱਠੀ ਦਾ ਜਵਾਬ, ਜਾਣੋ ਪੰਜਾਬ ਦੇ ਕਿਸਾਨਾਂ ਨੂੰ ਮਨਾਉਣ ਲਈ ਕੀ-ਕੀ ਕਰ ਰਹੀ ਮੋਦੀ ਸਰਕਾਰ?
India Khaas Lekh Punjab

ਖ਼ਾਸ ਲੇਖ: ਟਿਕੈਤ ਨੇ ਦਿੱਤਾ ਸਰਕਾਰ ਦੀ ਚਿੱਠੀ ਦਾ ਜਵਾਬ, ਜਾਣੋ ਪੰਜਾਬ ਦੇ ਕਿਸਾਨਾਂ ਨੂੰ ਮਨਾਉਣ ਲਈ ਕੀ-ਕੀ ਕਰ ਰਹੀ ਮੋਦੀ ਸਰਕਾਰ?

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸੈਕਟਰੀ ਵਿਵੇਕ ਅਗਰਵਾਲ ਨੇ ਐਤਵਾਰ ਨੂੰ ਤਕਰੀਬਨ 40 ਕਿਸਾਨ ਸੰਗਠਨਾਂ ਦੇ ਆਗੂਆਂ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਕਿਸਾਨਾਂ ਨੂੰ ਤਿੰਨ ਖੇਤੀ ਕਾਨੂੰਨਾਂ ਵਿੱਚ ਸੋਧ ਦੇ ਸਰਕਾਰ ਵੱਲੋਂ ਭੇਜੇ ਪਹਿਲਾਂ ਵਾਲੇ ਪ੍ਰਸਤਾਵ ’ਤੇ ਆਪਣੇ ਖ਼ਦਸ਼ਿਆਂ ਬਾਰੇ ਦੱਸਣ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਕਿਸਾਨ ਅਗਲੇ ਗੇੜ ਦੀ ਗੱਲਬਾਤ ਲਈ ਆਪਣੇ ਹਿਸਾਬ ਨਾਲ ਤਾਰੀਖ਼ ਦੱਸਣ ਤਾਂ ਕਿ ਜਲਦੀ ਤੋਂ ਜਲਦੀ ਕਿਸਾਨ ਅੰਦੋਲਨ ਖ਼ਤਮ ਕੀਤਾ ਜਾ ਸਕੇ।

ਹੁਣ ਇਸ ਦੇ ਜਵਾਬ ਵਿੱਚ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਦੇ ਪੱਤਰ ਵਿੱਚ ਕੁਝ ਵੀ ਨਵਾਂ ਨਹੀਂ ਹੈ, ਇਹੀ ਗੱਲਾਂ ਪਹਿਲੇ ਗੇੜਾਂ ਦੌਰਾਨ ਹੋ ਚੁੱਕੀਆਂ ਹਨ। ਕਿਸਾਨਾਂ ਆਗੂਆਂ ਨੇ ਕਿਹਾ ਹੈ ਕਿ ਉਹ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਵਿਚਾਰ ਕਰਨਗੇ ਕਿ ਇਸ ਬਾਰੇ ਸਰਕਾਰ ਨਾਲ ਗੱਲਬਾਤ ਕਰਨੀ ਹੈ ਜਾਂ ਨਹੀਂ।

ਕਿਸਾਨ ਲੀਡਰਾਂ ਨੇ ਸੋਮਵਾਰ ਨੂੰ ਕਿਹਾ ਕਿ ਜੇ ਸਰਕਾਰ ਕੋਈ ਠੋਸ ਹੱਲ ਕੱਢਦੀ ਹੈ ਤਾਂ ਉਹ ਹਮੇਸ਼ਾ ਗੱਲਬਾਤ ਲਈ ਤਿਆਰ ਰਹਿੰਦੇ ਹਨ ਪਰ ਉਨ੍ਹਾਂ ਦਾਅਵਾ ਕੀਤਾ ਕਿ ਗੱਲਬਾਤ ਲਈ ਅਗਲੀ ਤਾਰੀਖ਼ ਸਬੰਧੀ ਕੇਂਦਰ ਦੇ ਪੱਤਰ ਵਿੱਚ ਕੁਝ ਵੀ ਨਵਾਂ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਲੀਡਰ ਰਾਕੇਸ਼ ਟਿਕੈਟ ਨੇ ਕਿਹਾ ਕਿ ਸਰਕਾਰ ਨੇ ਆਪਣੇ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਉਹ ਨਵੇਂ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਕਰਨ ਦੇ ਪਹਿਲਾਂ ਦੇ ਪ੍ਰਸਤਾਵ ਬਾਰੇ ਗੱਲ ਕਰਨਾ ਚਾਹੁੰਦੀ ਹੈ।

ਰਾਕੇਸ਼ ਟਿਕੈਟ ਨੇ ਪੀਟੀਆਈ-ਭਾਸ਼ਾ ਖ਼ਬਰ ਏਜੰਸੀ ਨੂੰ ਕਿਹਾ, ‘ਇਸ ਮੁੱਦੇ ‘ਤੇ (ਸਰਕਾਰ ਦੇ ਪ੍ਰਸਤਾਵ), ਅਸੀਂ ਪਹਿਲਾਂ ਵੀ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਸੀ। ਫਿਲਹਾਲ ਅਸੀਂ ਵਿਚਾਰ ਕਰ ਰਹੇ ਹਾਂ ਕਿ ਸਰਕਾਰ ਦੇ ਪੱਤਰ ਦਾ ਕੀ ਜਵਾਬ ਦੇਣਾ ਹੈ।’ ਯਾਦ ਰਹੇ 9 ਦਸੰਬਰ ਨੂੰ ਗੱਲਬਾਤ ਦਾ ਛੇਵਾਂ ਪੜਾਅ ਮੁਲਤਵੀ ਕਰ ਦਿੱਤਾ ਗਿਆ।

ਇਕ ਹੋਰ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ, ‘ਉਨ੍ਹਾਂ ਦੀ ਚਿੱਠੀ ਵਿੱਚ ਕੁਝ ਵੀ ਨਵਾਂ ਨਹੀਂ ਹੈ। ਅਸੀਂ ਨਵੇਂ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਕਰਨ ਦੇ ਸਰਕਾਰ ਦੇ ਪ੍ਰਸਤਾਵ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਾਂ। ਆਪਣੇ ਪੱਤਰ ਵਿੱਚ ਸਰਕਾਰ ਨੇ ਸਾਨੂੰ ਪ੍ਰਸਤਾਵ ‘ਤੇ ਵਿਚਾਰ ਕਰਨ ਅਤੇ ਗੱਲਬਾਤ ਦੇ ਅਗਲੇ ਪੜਾਅ ਲਈ ਤਾਰੀਖ਼ ਦੇਣ ਲਈ ਕਿਹਾ ਹੈ।’ ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਨੂੰ ਸਾਡੀਆਂ ਮੰਗਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ। ਅਸੀਂ ਸਿਰਫ਼ ਤੇ ਸਿਰਫ਼ ਤਿੰਨੋਂ ਕਾਨੂੰਨ ਰੱਦ ਕਰਾਉਣਾ ਚਾਹੁੰਦੇ ਹਾਂ।

ਕਿਸਾਨਾਂ ਨੇ ਪੀਐਮ ਮੋਦੀ ਤੇ ਤੋਮਰ ਨੂੰ ਲਿਖੀ ਖੁੱਲ੍ਹੀ ਚਿੱਠੀ, ਦਿੱਤਾ ਠੋਕਵਾਂ ਜਵਾਬ

ਇਸ ਤੋਂ ਪਹਿਲਾਂ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਕਿਹਾ ਕਿ ਮੌਜੂਦਾ ਚੱਲ ਰਹੇ ਕਿਸਾਨ ਅੰਦੋਲਨ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵਾਸਤਾ ਨਹੀਂ ਹੈ। ਇਹ ਪੱਤਰ ਹਿੰਦੀ ਵਿੱਚ ਲਿਖਿਆ ਗਿਆ ਹੈ। ਇਸ ਵਿੱਚ ਮੋਦੀ ਅਤੇ ਤੋਮਰ ਨੂੰ ਲਿਖੇ ਵੱਖਰੇ ਪੱਤਰਾਂ ਵਿੱਚ ਕਮੇਟੀ ਨੇ ਕਿਹਾ ਕਿ ਇਹ ਸਰਕਾਰ ਦੀ ਗਲਤਫ਼ਹਿਮੀ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਵਿਰੋਧੀ ਪਾਰਟੀਆਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ।

ਇਹ ਪੱਤਰ ਕਿਸਾਨ ਜਥੇਬੰਦੀ ਦੀ ਤਰਫੋਂ ਉਸ ਸਮੇਂ ਲਿਖੇ ਗਏ ਹਨ ਜਦੋਂ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਉੱਤੇ ਤਿੰਨ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਸੀ। ਇਹ ਜਥੇਬੰਦੀ ਉਨ੍ਹਾਂ 40 ਕਿਸਾਨ ਜਥੇਬੰਦੀਆਂ ਵਿੱਚੋਂ ਇੱਕ ਹੈ ਜੋ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ।

ਜਥੇਬੰਦੀ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ, ‘ਸੱਚਾਈ ਇਹ ਹੈ ਕਿ ਕਿਸਾਨ ਅੰਦੋਲਨ ਨੇ ਸਿਆਸੀ ਪਾਰਟੀਆਂ ਨੂੰ ਆਪਣੇ ਵਿਚਾਰ ਬਦਲਣ ਲਈ ਮਜਬੂਰ ਕੀਤਾ ਹੈ ਅਤੇ ਤੁਹਾਡਾ (ਪ੍ਰਧਾਨ ਮੰਤਰੀ) ਇਲਜ਼ਾਮ ਹੈ ਕਿ ਰਾਜਨੀਤਿਕ ਪਾਰਟੀਆਂ ਇਸ (ਵਿਰੋਧ ਪ੍ਰਦਰਸ਼ਨ) ਦਾ ਪਾਲਣ ਪੋਸ਼ਣ ਕਰ ਰਹੀਆਂ ਹਨ, ਇਹ ਗਲਤ ਹੈ।’

ਕਮੇਟੀ ਨੇ ਪੱਤਰ ਵਿੱਚ ਕਿਹਾ, ‘ਵਿਰੋਧ ਕਰਨ ਵਾਲੀ ਕਿਸੇ ਵੀ ਕਿਸਾਨ ਯੂਨੀਅਨ ਅਤੇ ਸਮੂਹਾਂ ਦੀ ਕੋਈ ਮੰਗ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਜੁੜੀ ਨਹੀਂ ਹੈ।’ ਕਿਸਾਨਾਂ ਨੇ ਇਸ ਵਿੱਚ ਇਹ ਵੀ ਸਪਸ਼ਟ ਕੀਤਾ ਹੈ ਕਿ ਸਰਕਾਰ ਦੇ ਮੰਤਰੀ ਕਿਸਾਨਾਂ ਦੇ ਅੰਦੋਲਨ ਖ਼ਿਲਾਫ਼ ਕੂੜ ਪ੍ਰਚਾਰ ਬੰਦ ਕਰਨ।

ਪੰਜਾਬੀ ਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਕਿਸਾਨਾਂ ਨੂੰ ਮਨਾਉਣ ਲਈ ਕਿਹੜੇ-ਕਿਹੜੇ ਹਥਕੰਡੇ ਵਰਤ ਰਹੀ ਹੈ ਮੋਦੀ ਸਰਕਾਰ?

ਕੇਂਦਰੀ ਮੰਤਰੀ ਨੇ 8 ਪੰਨਿਆਂ ਦੀ ਲਿਖੀ ਚਿੱਠੀ

ਯਾਦ ਰਹੇ ਕਿਸਾਨਾਂ ਦੇ ਇਸ ਪੱਤਰ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਦੇ ਨਾਂਅ 8 ਪੰਨਿਆਂ ਦੀ ਚਿੱਠੀ ਜਾਰੀ ਕਰਦਿਆਂ ਕਿਹਾ ਸੀ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੂੰ ‘ਸਿਆਸੀ ਸਵਾਰਥ’ ਲਈ ਭਰਮ ‘ਚ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਕਿਸਾਨਾਂ ਵਿਚਕਾਰ ‘ਝੂਠ ਦੀ ਕੰਧ’ ਖੜ੍ਹੀ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਚਿੱਠੀ ‘ਚ ਉਨ੍ਹਾਂ ਦਾਅਵਾ ਕੀਤਾ ਕਿ ਤਿੰਨ ਖੇਤੀ ਸੁਧਾਰ ਕਾਨੂੰਨ ਭਾਰਤੀ ਖੇਤੀ ਦੇ ਨਵੇਂ ਅਧਿਆਏ ਦੀ ਨੀਂਹ ਬਣਨਗੇ ਅਤੇ ਕਿਸਾਨਾਂ ਨੂੰ ਹੋਰ ਆਜ਼ਾਦੀ ਤੇ ਮਜ਼ਬੂਤੀ ਦੇਣਗੇ।

ਖੇਤੀ ਕਾਨੂੰਨਾਂ ਤੋਂ ਲਾਭ ਪ੍ਰਾਪਤ ਕਰਨ ਵਾਲਿਆਂ ਨਾਲ ਸਬੰਧਤ ਈ-ਬੁੱਕ

ਇਸ ਤੋਂ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਕਰਾਰ ਖੇਤੀ ਤੋਂ ਲਾਭ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਸਫ਼ਲਤਾ ਦੀ ਕਹਾਣੀ ਬਿਆਨ ਕਰਨ ਵਾਲਾ ਈ-ਕਿਤਾਬਚਾ ਵੀ ਜਾਰੀ ਕੀਤਾ ਸੀ। ‘ਅੰਨਦਾਤਾ ਦੇ ਹਿਤਾਂ ਨੂੰ ਸਮਰਪਿਤ ਮੋਦੀ ਸਰਕਾਰ’ ਸਿਰਲੇਖ ਵਾਲੇ 100 ਪੰਨਿਆਂ ਦੇ ਇਸ ਈ-ਕਿਤਾਬਚੇ ‘ਚ ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਕਾਨੂੰਨਾਂ ਤੋਂ ‘ਕੀ ਨਹੀਂ ਹੋਵੇਗਾ’ ਅਤੇ ‘ਕਿਸਾਨਾਂ ਲਈ ਕੀ ਬਿਹਤਰ ਹੋਵੇਗਾ।’

ਸਰਕਾਰ ਨੇ ਇਸ ਕਿਤਾਬਚੇ ਜ਼ਰੀਏ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਿਛਲੇ 6 ਸਾਲਾਂ ‘ਚ ਕੇਂਦਰ ‘ਚ ਮੋਦੀ ਸਰਕਾਰ ਨੇ ਖੇਤੀ ਖੇਤਰ ‘ਚ ਪੜਾਅਵਾਰ ਤਰੀਕੇ ਨਾਲ ਸੁਧਾਰ ਕੀਤੇ ਹਨ ਅਤੇ ਇਸ ਦੇ ਹਰ ਪੜਾਅ ‘ਤੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਿਆ ਗਿਆ ਹੈ। ਸਰਕਾਰ ਨੇ ਦਾਅਵਾ ਕੀਤਾ ਕਿ ਸਤੰਬਰ ‘ਚ ਲਾਗੂ ਕੀਤੇ ਤਿੰਨ ਖੇਤੀ ਕਾਨੂੰਨ ‘ਦੋ ਦਹਾਕਿਆਂ ਤਕ ਕੀਤੇ ਵਿਚਾਰ-ਵਟਾਂਦਰੇ’ ਤੋਂ ਬਾਅਦ ਲਿਆਂਦੇ ਗਏ ਹਨ।

ਕੇਂਦਰ ਸਰਕਾਰ ਨੇ ਈ-ਬੁਕਲੈੱਟ ਜਾਰੀ ਕਰਕੇ ਸਿੱਖਾਂ ਲਈ ਕੀਤੇ ਕੰਮਾਂ ਗਿਣਾਏ

ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਮੋਦੀ ਸਰਕਾਰ ਨੇ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ’ ਸਿਰਲੇਖ ਹੇਠ ਇੱਕ ਬੁਕਲੈਟ ਵੀ ਜਾਰੀ ਕੀਤੀ ਸੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਬੁਕਲੈਟ ਬਾਰੇ ਲਿਖਿਆ, ‘ਗਰੂ ਨਾਨਕ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ। ਇਹ ਪੁਸਤਕ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ 3 ਭਾਸ਼ਾਵਾਂ ‘ਚ ਗੁਰੂ ਨਾਨਕ ਦੇ ਸੰਦੇਸ਼ਾਂ ਉੱਤੇ ਆਧਾਰਿਤ ਹੈ।’

ਬੁਕਲੈਟ ਦੇ ਤਤਕਰੇ ‘ਚ 12 ਵਿਸ਼ਿਆਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਸ ‘ਚ ਹਰਮੰਦਿਰ ਸਾਹਿਬ ‘ਚ ਐਫਸੀਆਰ ਰਜਿਸਟ੍ਰੇਸ਼ਨ ਦੀ ਪ੍ਰਵਾਨਗੀ, ਲੰਗਰ ਤੋਂ ਟੈਕਸ ਹਟਾਉਣਾ, ਕਰਤਾਰਪੁਰ ਲਾਂਘਾ, ‘ਕਾਲੀ ਸੂਚੀ’ ਨੂੰ ਹਟਾਉਣਾ, ਸਿੱਖਾਂ ਦੀਆਂ ਚਿਰੋਕੜੀਆਂ ਮੰਗਾਂ ਪੂਰੀਆਂ ਕਰਨ, ਵਿਸ਼ਵ ‘ਚ ਸਿੱਖ ਵਿਰਾਸਤ ਦਾ ਪ੍ਰਦਰਸ਼ਨ, ਸਿੱਖ ਨੌਜਵਾਨਾਂ ਨੂੰ ਅਵਸਰਾਂ ਨਾਲ ਸਸ਼ਕਤ ਬਣਾਉਣ ਆਦਿ ਵਿਸ਼ੇ ਸ਼ਾਮਲ ਹਨ।

ਖ਼ਾਸ ਗੱਲ ਇਹ ਹੈ ਕਿ ਇਹ ਬੁੱਕਲੈਟ ਰੇਲਵੇ ਦੀ ਵੈਬਸਾਈਟ ਤੋਂ ਭੇਜੀ ਗਈ ਹੈ। ਰੇਲਵੇ ਮੰਤਰੀ ਪੀਊਸ਼ ਗੋਇਲ ਦੇ ਨਾਂ ਤੋਂ ਈਮੇਲ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਈਮੇਲਾਂ ਮਿਲੀਆਂ ਹਨ। ਇਸ ’ਤੇ ਸਵਾਲ ਵੀ ਚੁੱਕੇ ਗਏ ਹਨ ਕਿ ਸਰਕਾਰ ਕਿਸ ਤਰ੍ਹਾਂ ਰੇਲਵੇ ਦੇ ਨਿੱਜੀ ਡਾਟਾ ਨੂੰ ਆਪਣੇ ਪ੍ਰਚਾਰ ਲਈ ਇਸਤੇਮਾਲ ਕਰ ਰਹੀ ਹੈ। ਬਹੁਤ ਸਾਰੇ ਲੋਕ, ਜੋ ਪੰਜਾਬ ਜਾਂ ਸਿੱਖ ਧਰਨ ਨਾਲ ਸਬੰਧ ਵੀ ਨਹੀਂ ਰੱਖਦੇ, ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਈਮੇਲ ਭੇਜੀ ਗਈ ਹੈ।

ਗੁਜਰਾਤ ‘ਚ ਸਿੱਖ ਕਿਸਾਨਾਂ ਨਾਲ ਗੱਲਬਾਤ

ਆਪਣੇ ਇੱਕ ਦਿਨ ਦੇ ਗੁਜਰਾਤ ਦੌਰੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੇ ਰਹਿੰਦੇ ਸਿੱਖ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ। ਇਨ੍ਹਾਂ ਲੋਕਾਂ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਕੇਂਦਰ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ, ਸਗੋਂ ਕਿਸਾਨ ਅੰਦੋਲਨ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਕਿਸਾਨਾਂ ਦੀ ਭਲਾਈ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜ਼ੀਹ ਰਹੀ ਹੈ।

ਪੀਐਮ ਮੋਦੀ ਦੇ ਇਸ ਕਦਮ ਦੀ ਵੀ ਕਿਸਾਨਾਂ ਵੱਲੋਂ ਆਲੋਚਨਾ ਕੀਤੀ ਗਈ ਸੀ। ਕਿਸਾਨਾਂ ਨੇ ਕਿਹਾ ਕਿ ਜਦ ਕਿਸਾਨ ਦਿੱਲੀ ਵਿੱਚ ਕੁਝ ਦੂਰੀ ’ਤੇ ਪ੍ਰਦਰਸ਼ਨ ਕਰ ਰਹੇ ਹਨ ਤਾਂ ਪੀਐਮ ਮੋਦੀ ਉਨ੍ਹਾਂ ਨਾਲ ਸੰਵਾਦ ਕਰਨ ਦੀ ਬਜਾਏ ਇੰਨੇ ਕਿਲੋਮੀਟਰ ਦੂਰ ਗੁਜਰਾਤ ਦੇ ਕਿਸਾਨਾਂ ਨਾਲ ਮਿਲ ਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ।

ਪੀਐਮ ਮੋਦੀ ਦਾ ਗੁਰਦੁਆਰਾ ਰਕਾਬਗੰਜ ਨਤਮਸਤਕ ਹੋਣਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਬੀਤੇ ਕੱਲ੍ਹ ਦਿੱਲੀ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ। ਮੋਦੀ ਤਕਰੀਬਨ 10 ਮਿੰਟ ਤੱਕ ਉੱਥੇ ਰੁਕੇ। ਇਸ ਦੌਰਾਨ ਪ੍ਰਧਾਨ ਮੰਤਰੀ ਸੰਗਤਾਂ ਨੂੰ ਮਿਲੇ। ਮੋਦੀ ਨੇ ਪੰਜਾਬੀ ਵਿੱਚ ਭਾਸ਼ਾ ਵਿੱਚ ਟਵੀਟ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ। ਇਸ ਤੋਂ ਪਹਿਲਾਂ ਵੀ ਪੀਐਮ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਬਾਰੇ ਪੰਜਾਬੀ ਭਾਸ਼ਾ ਵਿੱਚ ਹੀ ਟਵੀਟ ਕੀਤਾ ਸੀ।

ਮੋਦੀ ਨੇ ਟਵੀਟ ਕਰਕੇ ਕਿਹਾ, ‘ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਗੁ. ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਇਆ ਹਾਂ। ਗੁਰੂ ਜੀ ਨੇ ਹਿੰਦੂ ਧਰਮ ਦੀ ਰਾਖੀ ਕਰਦੇ ਹੋਏ ਆਪਣਾ-ਆਪ ਵਾਰ ਕੇ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦਿੱਤਾ।’

ਪੀਐਮ ਮੋਦੀ ਦੇ ਇਸ ਕਦਮ ਅਤੇ ਸਰਕਾਰ ਦੇ ਕੰਮਾਂ ਤੋਂ ਇੰਞ ਜਾਪਦਾ ਹੈ ਕਿ ਸਰਕਾਰ ਪੰਜਾਬੀ ਕਿਸਾਨਾਂ ਅਤੇ ਸਿੱਖਾਂ ਨੂੰ ਮਨਾਉਣ ਲਈ ਕਿਸ ਕਦਰ ਤਮਾਮ ਕੋਸ਼ਿਸ਼ਾਂ ਕਰ ਰਹੀ ਹੈ। ਦੱਸ ਦੇਈਏ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੀ ਹੋਈ ਸੀ।

Exit mobile version