‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਤੇ ਦਿਨੀਂ ਬੀਜੇਪੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਇੱਕ DSP ਵੱਲੋਂ ਕਿਸਾਨਾਂ ਨੂੰ ਧਮਕੀਆਂ ਦੇਣ ‘ਤੇ ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਡੀਐੱਸਪੀ ਨੂੰ ਜਨਰਲ ਡਾਇਰ ਦਾ ਬੱਚਾ ਦੱਸ ਕੇ ਡੀਐੱਸਪੀ ‘ਤੇ ਉਸਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਦੋਸ਼ ਲਾਇਆ। ਦੀਪਸਿੰਘ ਵਾਲਾ ਨੇ ਡੀਐੱਸਪੀ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਥਾਂਵਾਂ ‘ਤੇ ਪੱਕੇ ਧਰਨੇ ਲੱਗੇ ਹੋਏ ਹਨ। 27 ਸਤੰਬਰ ਨੂੰ ਭਾਰਤ ਬੰਦ ਹੋ ਰਿਹਾ ਹੈ। ਤੁਸੀਂ ਐਲਾਨ ਕਰਕੇ ਕੋਈ ਇੱਕ ਜਗ੍ਹਾ ਚੁਣ ਲਉ ਅਤੇ ਕਹਿ ਦਿਉ ਕਿ ਤੁਸੀਂ ਉੱਥੇ ਲੋਕਾਂ ਦਾ ਧਰਨਾ ਨਹੀਂ ਲੱਗਣ ਦੇਣਾ। ਫਿਰ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ। ਤੁਸੀਂ ਧਰਨਾ ਰੁਕਵਾ ਕੇ ਦਿਖਾ ਦਿਉ, ਅਸੀਂ ਤੁਹਾਨੂੰ ਧਰਨਾ ਲਾ ਕੇ ਦਿਖਾ ਦਿਆਂਗੇ। ਦਰਅਸਲ, ਡੀਐੱਸਪੀ ਨੇ ਬੀਜੇਪੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ਉਹ ਬੀਜੇਪੀ ਦਾ ਵਿਰੋਧ ਕਰਕੇ ਵਿਖਾਉਣ।
ਦੀਪ ਸਿੰਘਵਾਲਾ ਨੇ ਕੈਪਟਨ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਮਾਨਸਿਕ ਸੰਤੁਲਨ ਵਿਗਾੜ ਚੁੱਕੇ ਡੀਐੱਸਪੀ ਨੂੰ ਨੱਥ ਪਾਵੇ, ਨਹੀਂ ਤਾਂ ਇਸ ਤਰ੍ਹਾਂ ਦੇ ਅਫਸਰਾਂ ਦੇ ਮੋਢਿਆਂ ‘ਤੇ ਸਟਾਰ ਅਤੇ ਫੀਤੀਆਂ ਰੂੜੀਆਂ ਵਿੱਚ ਰੁਲਦੇ-ਫਿਰਦੇ ਹੁੰਦੇ ਹਨ ਅਤੇ ਇਹੋ ਜਿਹੇ ਅਫ਼ਸਰ ਬਾਅਦ ਵਿੱਚ ਰੌਲਾ ਪਾਉਂਦੇ ਹਨ ਕਿ ਸਾਡੀ ਵਰਦੀ ਨੂੰ ਲੋਕਾਂ ਨੇ ਹੱਥ ਪਾਇਆ ਹੈ। ਇਨ੍ਹਾਂ ਨੂੰ ਲੋਕਾਂ ਦੇ ਸੇਵਕ ਬਣ ਕੇ ਰਹਿਣਾ ਚਾਹੀਦਾ ਹੈ। ਡੀਐੱਸਪੀ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਹੁਣ ਤੱਕ ਜਿੰਨੇ ਲੰਮੇ ਚੌੜੇ ਹੋਏ ਹਨ, ਉਹ ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਅਨਾਜ ਨੂੰ ਖਾ ਕੇ ਹੋਏ ਹਨ। ਤੁਸੀਂ ਆਰਐੱਸਐੱਸ ਵਾਲਿਆਂ ਦੇ ਕਹਿਣ ‘ਤੇ ਗੋਬਰ ਖਾ ਕੇ ਵੱਡੇ ਨਹੀਂ ਹੋਏ। ਇਸ ਲਈ ਅੰਨਦਾਤੇ ਦੀ ਕਦਰ ਕਰਨਾ ਸਿੱਖੋ। ਇਸ ਲਈ ਦੇਸ਼ ਦੇ ਅੰਨਦਾਤੇ ਦਾ ਸਨਮਾਨ ਕਰਨਾ ਸਿੱਖੋ।