ਅੰਮ੍ਰਿਤਸਰ (7 ਅਪ੍ਰੈਲ, 2026): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਿਸ਼, ਚੱਖੜ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋ ਰਹੇ ਭਾਰੀ ਨੁਕਸਾਨ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਪੰਧੇਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜਦੋਂ ਕਿਸਾਨ ਦੀ ਫ਼ਸਲ ਬਰਬਾਦ ਹੁੰਦੀ ਹੈ, ਤਾਂ ਕੋਈ ਵੀ ਉਸ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੁੰਦਾ।
ਗਰਦਾਵਰੀ ਅਤੇ ਮੁਆਵਜ਼ੇ ’ਤੇ ਚੁੱਕੇ ਸਵਾਲ
ਪੰਧੇਰ ਨੇ ਕਿਹਾ ਕਿ ਖੇਤਾਂ ਵਿੱਚ ਪੱਕੀ ਕਣਕ ਖ਼ਰਾਬ ਹੋ ਰਹੀ ਹੈ, ਪਰ ਪੰਜਾਬ ਸਰਕਾਰ ਕਿਧਰੇ ਵੀ ਗਰਦਾਵਰੀ ਕਰਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਇਲਜ਼ਾਮ ਲਾਇਆ ਕਿ ਜੇਕਰ ਮੁਆਵਜ਼ਾ ਮਿਲਦਾ ਵੀ ਹੈ, ਤਾਂ ਉਹ ਸਿਰਫ਼ ਸੱਤਾਧਾਰੀ ਪਾਰਟੀ ਦੇ ਚਹੇਤਿਆਂ ਨੂੰ ਹੀ ਮਿਲਦਾ ਹੈ। ਉਨ੍ਹਾਂ ਹੜ੍ਹਾਂ ਦੇ ਪੁਰਾਣੇ ਮੁਆਵਜ਼ੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਵੀ ਵਾਲੇ ਪਾਸੇ ਅਜੇ ਵੀ ਅੱਧੇ ਕਿਸਾਨ ਮੁਆਵਜ਼ੇ ਤੋਂ ਵਾਂਝੇ ਹਨ।
ਅਮਿਤ ਸ਼ਾਹ ਅਤੇ ਸੈਟੇਲਾਈਟ ਤਕਨਾਲੋਜੀ ’ਤੇ ਤਨਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਦਿਆਂ ਪੰਧੇਰ ਨੇ ਕਿਹਾ ਕਿ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ, ਤਾਂ ਦਿੱਲੀ ਬੈਠਾ ਸੈਟੇਲਾਈਟ ਤੁਰੰਤ ਸਿਗਨਲ ਦਿੰਦਾ ਹੈ ਅਤੇ DC-SSP ਮੌਕੇ ’ਤੇ ਪਹੁੰਚ ਜਾਂਦੇ ਹਨ। ਪਰ ਹੁਣ ਜਦੋਂ ਗੜੇਮਾਰੀ ਅਤੇ ਅੱਗ ਲੱਗਣ ਕਾਰਨ ਕਿਸਾਨਾਂ ਦੀ ਫ਼ਸਲ ਸੜ ਰਹੀ ਹੈ, ਤਾਂ ਉਹ ਸੈਟੇਲਾਈਟ ਕਿਉਂ ਕੰਮ ਨਹੀਂ ਕਰ ਰਿਹਾ? ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਸਿਰਫ਼ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਲਈ ਕੀਤੀ ਜਾਂਦੀ ਹੈ, ਉਨ੍ਹਾਂ ਦੇ ਹੱਕ ਵਿੱਚ ਨਹੀਂ।
ਮੀਡੀਆ ਅਤੇ ਸੰਘਰਸ਼ ਦੀ ਮਨਾਹੀ
ਉਨ੍ਹਾਂ ‘ਗੋਦੀ ਮੀਡੀਆ’ ’ਤੇ ਵੀ ਹਮਲਾ ਕਰਦਿਆਂ ਕਿਹਾ ਕਿ ਜਦੋਂ ਕਿਸਾਨ ਆਪਣੇ ਹੱਕਾਂ ਲਈ ਸੜਕਾਂ ਜਾਂ DC ਦਫ਼ਤਰਾਂ ਅੱਗੇ ਬੈਠਦਾ ਹੈ, ਤਾਂ ਮੀਡੀਆ ਉਸ ਨੂੰ ਜਨਤਾ ਨੂੰ ਤੰਗ ਕਰਨ ਵਾਲਾ ਦੱਸਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਗਰਦਾਵਰੀ ਦੇ ਹੁਕਮ ਦੇਵੇ ਅਤੇ ਫ਼ਸਲੀ ਬੀਮਾ ਯੋਜਨਾ ਦਾ ਪ੍ਰੀਮੀਅਮ ਖ਼ੁਦ ਭਰੇ ਤਾਂ ਜੋ ਕੰਪਨੀਆਂ ਦੀ ਲੁੱਟ ਬੰਦ ਹੋ ਸਕੇ।

