‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਨ੍ਹਾਂ ਦੇ ਪੰਜਾਬ ਚੋਣ ਬਾਰੇ ਦਿੱਤੇ ਬਿਆਨ ‘ਤੇ ਉਨ੍ਹਾਂ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰਨ ਦੇ ਫੈਸਲੇ ਦੇ ਜਵਾਬ ਦਿੰਦਿਆਂ ਆਪਣੇ ਸਟੈਂਡ ‘ਤੇ ਕਾਇਮ ਰਹਿਣ ਦਾ ਮੁੜ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਵਿਚਾਰ ਹੈ ਅਤੇ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਮਿਸ਼ਨ ਪੰਜਾਬ ਸ਼ੁਰੂ ਕਰਨਾ ਜ਼ਰੂਰੀ ਹੈ। ਚੜੂਨੀ ਨੇ ਕਿਹਾ ਕਿ ਮੈਂ ਪੰਜਾਬ ਲਈ ਨਵਾਂ ਮਾਡਲ ਪੇਸ਼ ਕਰਨ ਦੀ ਵਿਚਾਰਧਾਰਾ ਰੱਖੀ ਸੀ। ਮੈਂ ਲੋਕਾਂ ਨੂੰ ਇਹ ਕਿਹਾ ਸੀ ਕਿ ਕੀ ਅਸੀਂ ਮੁੜ ਉਨ੍ਹਾਂ ਹੀ ਲੋਕਾਂ ਨੂੰ ਵੋਟ ਦੇਵਾਂਗੇ, ਜੋ ਸਾਨੂੰ ਇਸ ਵਿਵਸਥਾ ਤੱਕ ਪਹੁੰਚਾਉਣ ਦੇ ਦੋਸ਼ੀ ਹਨ।
ਚੜੂਨੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਫੈਸਲੇ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਮੇਰੀ ਵਿਚਾਰਧਾਰਾ ਸੀ ਅਤੇ ਕਿਸੇ ਦੀ ਵਿਚਾਰਧਾਰਾ ‘ਤੇ ਲਗਾਮ ਨਹੀਂ ਲਾਈ ਜਾ ਸਕਦੀ। ਚੜੂਨੀ ਨੇ ਕਿਹਾ ਕਿ ਪੰਜਾਬ ਦੇ ਅੰਦਰ ਜੋ ਅੰਦੋਲਨਕਾਰੀ ਲੋਕ, ਇਮਾਨਦਾਰ ਲੋਕ, ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ ਨੂੰ ਆਪਣੀ ਸਰਕਾਰ ਬਣਾਉਣੀ ਚਾਹੀਦੀ ਹੈ। ਆਪਣੀ ਸਰਕਾਰ ਬਣਾ ਕੇ ਵਧੀਆ ਕੰਮ ਕਰਕੇ ਦੇਸ਼ ਸਾਹਮਣੇ ਇੱਕ ਮਾਡਲ ਪੇਸ਼ ਕਰਨਾ ਚਾਹੀਦਾ ਹੈ। ਅੱਜ ਰਾਜ ਬਦਲਣ ਦੀ ਨਹੀਂ, ਵਿਵਸਥਾ ਬਦਲਣ ਦੀ ਜ਼ਰੂਰਤ ਹੈ ਅਤੇ ਵਿਵਸਥਾ ਸੱਤਾ ਦੇ ਨਾਲ ਹੀ ਬਦਲੀ ਜਾਵੇਗੀ। ਇਸ ਅੰਦੋਲਨ ਵਿੱਚ ਮੇਰੀ ਜੋ ਵੀ ਭੂਮਿਕਾ ਹੈ, ਉਹ ਉਹੀ ਰਹੇਗੀ, ਮੈਂ ਅੰਦੋਲਨ ਤੋਂ ਬਿਲਕੁਲ ਨਹੀਂ ਹਟਾਂਗਾ।