‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਸੁਪਰੀਮ ਕੋਰਟ ਦੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਨ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਤਾਂ ਕੋਈ ਸੜਕ ਹੀ ਨਹੀਂ ਬਲੌਕ ਕੀਤੀ ਹੋਈ। ਸੜਕਾਂ ਤਾਂ ਸਰਕਾਰ ਨੇ ਜਾਮ ਕੀਤੀਆਂ ਹੋਈਆਂ ਹਨ, ਸੜਕਾਂ ‘ਤੇ ਕਿੱਲ ਠੋਕੇ ਹੋਏ ਹਨ, ਅਸੀਂ ਤਾਂ ਸੜਕ ਦੇ ਇੱਕ ਪਾਸੇ ਹੋ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ। ਸਰਕਾਰ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦਾ ਹਰ ਹੀਲਾ ਵਰਤ ਰਹੀ ਹੈ। ਸੁਪਰੀਮ ਕੋਰਟ ਸਰਕਾਰ ਨੂੰ ਸਰਕਾਰ ਨੂੰ ਕਿਉਂ ਨਹੀਂ ਕਹਿ ਰਹੀ ਕਿ ਉਹ ਤਿੰਨੇ ਖੇਤੀ ਕਾਨੂੰਨ ਵਾਪਸ ਲਵੇ ਅਤੇ ਐੱਮਐੱਸਪੀ ਦਾ ਗਾਰੰਟੀ ਕਾਨੂੰਨ ਬਣਾਵੇ। ਉਲਟਾ ਸੁਪਰੀਮ ਕੋਰਟ ਸਾਨੂੰ ਕਿਉਂ ਕਹਿ ਰਹੀ ਹੈ ਕਿ ਅਸੀਂ ਸੜਕਾਂ ਜਾਮ ਕੀਤੀਆਂ ਹਨ ਜਾਂ ਨਹੀਂ। ਲੱਖੋਵਾਲ ਨੇ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਹਰ ਸਮੇਂ ਤਿਆਰ ਹਾਂ ਪਰ ਸਰਕਾਰ ਵੱਲੋਂ ਸਾਨੂੰ ਗੱਲਬਾਤ ਦਾ ਸੱਦਾ ਹੀ ਨਹੀਂ ਆ ਰਿਹਾ। ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਸਰਕਾਰ ਦੇ ਨਾਲ ਗੱਲ ਰੱਖ ਰਹੇ ਹਾਂ, ਪਰਸੋਂ ਸ਼ਾਮ ਨੂੰ ਵੀ ਅਸੀਂ ਖੇਤੀਬਾੜੀ ਮੰਤਰੀ ਨੂੰ ਮਿਲੇ ਸੀ। ਮੈਂ ਉਨ੍ਹਾਂ ਸਾਹਮਣੇ ਪੂਰੀ ਗੱਲ ਰੱਖਾਂਗਾ। ਇਹ ਗੱਲ ਖਤਮ ਹੋਣੀ ਚਾਹੀਦੀ ਹੈ।
ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ 15 ਅਕਤੂਬਰ ਨੂੰ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਕਿਸਾਨ ਉੱਥੇ ਅੰਦੋਲਨ ਕਰ ਰਹੇ ਹਨ ਤਾਂ ਇਸਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ। ਇਹ ਤਾਲਿਬਾਨੀ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਹਨ। ਹਰਿੰਦਰ ਲੱਖੋਵਾਲ ਨੇ ਗਰੇਵਾਲ ਨੂੰ ਇਸਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਉਸੇ ਦਿਨ ਹੀ ਪ੍ਰੈੱਸ ਕਾਨਫਰੰਸ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਸੀ। ਪੁਲਿਸ ਨੂੰ ਸੱਦ ਕੇ ਸਾਡੇ ਬੰਦਿਆਂ ਨੇ ਲਾਸ਼ ਚੁੱਕੀ ਸੀ। ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਉਹ ਸਾਡੇ ਬੰਦੇ ਨਹੀਂ ਹਨ, ਸਰਕਾਰ ਉਨ੍ਹਾਂ ਨਾਲ ਜੋ ਮਰਜ਼ੀ ਕਰੇ। ਚਿਹਰਾ ਤਾਂ ਇਨ੍ਹਾਂ ਦਾ ਨੰਗਾ ਹੋਇਆ ਹੈ ਕਿਉਂਕਿ ਇਨ੍ਹਾਂ ਦੇ ਨਾਲ ਹੀ ਤਾਂ ਉਹ ਖਾਣਾ ਖਾਂਦੇ ਹਨ। ਲੱਖੋਵਾਲ ਨੇ ਇਹ ਟਿੱਪਣੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਨਿਹੰਗ ਬਾਬਾ ਅਮਨ ਸਿੰਘ ਦੀ ਵਾਇਰਲ ਹੋਈ ਤਸਵੀਰ ਨੂੰ ਆਧਾਰ ਬਣਾ ਕੇ ਕੀਤੀ ਹੈ। ਇਸ ‘ਤੇ ਹਰਜੀਤ ਗਰੇਵਾਲ ਨੇ ਜਵਾਬ ਦਿੰਦਿਆਂ ਕਿਹਾ ਕਿ ਮੁਲਾਕਾਤਾਂ ਤਾਂ ਲੱਖੋਵਾਲ, ਰਾਜੇਵਾਲ, ਸਾਰੇ ਕਿਸਾਨ ਲੀਡਰਾਂ ਨੇ ਕੀਤੀਆਂ ਹਨ, ਸਭ ਦੇ ਫੋਟੋਗ੍ਰਾਫ ਹਨ। ਸਾਡੀਆਂ ਫੋਟੋਆਂ ਤਾਂ ਇਨ੍ਹਾਂ ਦੇ ਨਾਲ ਵੀ ਹਨ।