ਫਰੀਦਕੋਟ : ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਮਹਿਲਾ ਨਾਲ ਥਾਣੇ ਵਿੱਚ ਇੱਕ ਅਜਿਹਾ ਹਾਦਸਾ ਵਾਪਰ ਗਿਆ ਹੈ, ਜਿਸ ਨੂੰ ਵੇਖ ਕੇ ਪੂਰੇ ਥਾਣੇ ‘ਤੇ ਹੋਸ਼ ਉੱਡ ਗਏ ਹਨ ਅਤੇ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਹੈ। ਮਹਿਲਾ ਅਫ਼ਸਰ ਜਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਫਰੀਦਕੋਟ ਦੇ ਥਾਣੇ ਵਿੱਚ ਤਾਇਨਾਤ SHO ਜੋਗਿੰਦਰ ਕੌਰ ਜਦੋਂ ਥਾਣੇ ਪਹੁੰਚੀ ਤਾਂ ਉਸ ਦੇ ਨਾਲ ਭਿਆਨਕ ਹਾਦਸਾ ਹੋ ਗਿਆ । ਥਾਣੇ ਪਹੁੰਚਦੇ ਸਾਰ ਹੀ ਜਦੋਂ ਉਹ ਆਪਣੀ ਸਰਵਿਸ ਰਿਵਾਲਵਰ ਲਾਕਰ ਵਿੱਚ ਰੱਖ ਰਹੀ ਸੀ ਤਾਂ ਅਚਾਨਕ ਉਸ ਨੂੰ ਆਪਣੀ ਰਿਵਾਲਰ ਤੋਂ ਗੋਲੀ ਲੱਗ ਗਈ । ਅਤੇ ਹੁਣ ਉਹ ਜ਼ਿੰਦਗੀ ਦੀ ਜੰਗ ਲੜ ਰਹੀ ਹੈ । ਗੋਲੀ ਗਲਤੀ ਨਾਲ ਚੱਲੀ ਜਾਂ ਫਿਰ ਇਸ ਦੇ ਪਿੱਛੇ ਕੁਝ ਹੋਰ ਕਾਰਨ ਹੈ ਇਸ ਦੀ ਜਾਂਚ ਪੁਲਿਸ ਕਰ ਰਹੀ ਹੈ ।
ਜੋਗਿੰਦਰ ਕੌਰ ਦੀ ਹਾਲਤ ਨਾਜ਼ੁਕ
ਜੋਗਿੰਦਰ ਕੌਰ ਨੂੰ ਗੋਲੀ ਸਿੱਧਾ ਛਾਤੀ ਵਿੱਚ ਲੱਗੀ। ਥਾਣੇ ਵਿੱਚ ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਸਾਰੇ ਮੁਲਾਜ਼ਮ ਚੌਕਸ ਹੋ ਗਏ, ਜਿਵੇਂ ਹੀ ਲਾਕਰ ਰੂਮ ਵਿੱਚ ਵੇਖਿਆ ਜੋਗਿੰਦਰ ਕੌਰ ਖੂਨ ਨਾਲ ਲਹੂ-ਲੁਹਾਨ ਹੇਠਾਂ ਡਿੱਗੀ ਸੀ। ਉਸ ਨੂੰ ਫੌਰਨ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਕਿਉਂਕਿ ਗੋਲੀ ਸਿੱਧਾ ਛਾਤੀ ‘ਤੇ ਲੱਗੀ ਸੀ ਇਸ ਲਈ ਜੋਗਿੰਦਰ ਕੌਰ ਦੀ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਲੁਧਿਆਣਾ DMC ਰੈਫਰ ਕੀਤਾ ਗਿਆ। ਜਿੱਥੇ ਹੁਣ ਵੀ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਉਸ ਦਾ ਇਲਾਜ ਵਿੱਚ ਜੁਟੀ ਹੈ। ਸਾਰੇ ਜੋਗਿੰਦਰ ਕੌਰ ਲਈ ਅਰਦਾਸ ਕਰ ਰਹੇ ਹਨ ਕਿ ਉਹ ਜ਼ਿੰਦਗੀ ਦੀ ਜੰਗ ਜਿੱਤ ਜਾਵੇਂ।
ਫਰੀਦਕੋਟ ਦੇ SP ਦਾ ਬਿਆਨ
ਫਰੀਦਕੋਟ ਦੇ SP ਜਸਮੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜੋਗਿੰਦਰ ਕੌਰ ਨੂੰ ਆਪਣੀ ਸਰਵਿਸ ਰਿਵਾਲਵਰ ਤੋਂ ਹੀ ਗੋਲੀ ਲੱਗੀ ਹੈ। ਹਾਦਸਾ ਸਵੇਰ ਵੇਲੇ ਹੀ ਹੋਇਆ ਹੈ । ਉਹ ਆਪਣੀ ਰਿਵਾਲਵਰ ਲਾਕਰ ਵਿੱਚ ਰੱਖ ਰਹੀ ਸੀ। ਜੋਗਿੰਦਰ ਕੌਰ ਨੂੰ ਇੱਕ ਮਹੀਨੇ ਪਹਿਲਾਂ ਹੀ ਗੋਲੇਵਾਲਾ ਚੌਕੀ ਦਾ SHO ਬਣਾਇਆ ਗਿਆ ਸੀ। ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਲਾਕਰ ਵਿੱਚ ਰਿਵਾਲਵਰ ਰੱਖਣ ਵੇਲੇ ਗੋਲੀ ਕਿਵੇਂ ਚੱਲ ਸਕਦੀ ਹੈ।
ਪੁਲਿਸ ਨੂੰ ਉਮੀਦ ਹੈ ਕਿ ਜੋਗਿੰਦਰ ਕੌਰ ਜਲਦ ਠੀਕ ਹੋਵੇਗੀ ਅਤੇ ਹੋਸ਼ ਵਿੱਚ ਆਉਣ ਤੋਂ ਬਾਅਦ ਪੂਰਾ ਮਾਮਲਾ ਸਾਫ ਹੋਵੇਗਾ । ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਥਾਣੇ ਵਿੱਚ ਵੀ ਅਜਿਹੀ ਹੀ ਘਟਨਾ ਹੋਈ ਸੀ ।
20 ਦਿਨ ਪਹਿਲਾਂ ਵੀ ਅਜਿਹਾ ਹਾਦਸਾ ਹੋਇਆ
17 ਅਪ੍ਰੈਲ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਲੱਖੋਵਾਲੀ ਵਿੱਚ ਮੁੱਖ ਮੁਨਸ਼ੀ ਤੀਰਥ ਸਿੰਘ ਦੀ ਜੋਗਿੰਦਰ ਕੌਰ ਵਾਂਗ ਗੋਲੀ ਸੀ ਪਰ ਉਸਦੀ ਮੌਤ ਹੋਈ ਸੀ। ਉਹ ਵੀ ਆਪਣੀ ਬੰਦੂਕ ਲਾਕਰ ਵਿੱਚ ਰੱਖਣ ਵੇਲੇ ਸਾਫ ਕਰ ਰਿਹਾ ਸੀ ਪਰ ਅਚਾਨਕ ਗੋਲੀ ਚੱਲਣ ਦੀ ਵਜ੍ਹਾ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਉਸ ਨੂੰ ਹਸਪਤਾਲ ਲੈ ਕੇ ਜਾਣ ਦਾ ਸਮਾਂ ਵੀ ਨਹੀਂ ਮਿਲਿਆ ਸੀ।