The Khalas Tv Blog Others ਮਹਿਲਾ ASI ਨੇ ਲਾ ਦਿੱਤਾ ਵਰਦੀ ਨੂੰ ਦਾਗ਼ !
Others

ਮਹਿਲਾ ASI ਨੇ ਲਾ ਦਿੱਤਾ ਵਰਦੀ ਨੂੰ ਦਾਗ਼ !

ਬਿਉਰੋ ਰਿਪੋਰਟ : ਫਰੀਦਕੋਟ ਵਿੱਚ ਤਾਇਨਾਤ ਇੱਕ ਮਹਿਲਾ ਸਹਾਇਕ ਸਬ ਇੰਸਪੈਕਟਰ (ASI) ਹਰਜਿੰਦਰ ਕੌਰ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ । ASI ‘ਤੇ ਇਲਜ਼ਾਮ ਹੈ ਉਸ ਨੇ ਇੱਕ ਔਰਤ ਕੋਲੋ ਠੱਗ NRI ਪਤੀ ਖਿਲਾਫ ਕਾਰਵਾਈ ਦੇ ਲਈ 75 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ ਅਤੇ ਹੁਣ ਹੋਰ 1 ਲੱਖ ਦੀ ਰਿਸ਼ਵਤ ਮੰਗ ਰਹੀ ਸੀ । ਇਸ ਸਬੰਧ ਵਿੱਚ ਵਿਜੀਲੈਂਸ ਨੂੰ ASI ਖਿਲਾਫ ਕਾਲ ਰਿਕਾਰਡਿੰਗ ਦੇ ਪੁੱਖਤਾ ਸਬੂਤ ਮਿਲੇ ਸਨ ਜਿਸ ਤੋਂ ਬਾਅਦ ASI ਖਿਲਾਫ ਕਾਰਵਾਈ ਕੀਤੀ ਗਈ ਹੈ ।

ASI ਹਰਜਿੰਦਰ ਕੌਰ ਨੂੰ ਪਿੰਡ ਝੱਖੜਵਾਲਾ ਤਹਿਸੀਲੀ ਜੈਤੋਂ ਫਰੀਦਕੋਟ ਦੀ ਮਨਜੀਤ ਕੌਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ । ਮਨਜੀਤ ਨੇ 31 ਜੁਲਾਈ 2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 3 ਫਰਵਰੀ 2016 ਵਿੱਚ ਗੁਰਸਿਮਰਤ ਸਿੰਘ ਨਾਲ ਹੋਇਆ ਸੀ । ਜੋ ਮੁਕਤਸਰ ਸਾਹਿਬ ਦੇ ਪਿੰਡ ਲੁਹਾਰਾ ਦਾ ਰਹਿਣ ਵਾਲਾ ਸੀ । ਉਹ ਫਿਲਹਾਲ ਕੈਨੇਡਾ ਦਾ ਨਾਗਰਿਕ ਹੈ ਪਰ ਉਸ ਨੇ ਪਤਨੀ ਨਾਲ 60 ਲੱਖ ਰੁਪਏ ਦੀ ਠੱਗੀ ਮਾਰੀ ਸੀ । ਇਸੇ ਦੀ ਸ਼ਿਕਾਇਤ ਲੈਕੇ ਮਨਜੀਤ ਕੌਰ SSP ਦਫਤਰ ਗਈ ਸੀ।

ਮਨਜੀਤ ਦੀ ਸ਼ਿਕਾਇਤ ਦੀ ਜਾਂਚ ASI ਹਰਜਿੰਦਰ ਕੌਰ ਨੂੰ ਸੌਂਪੀ ਗਈ ਸੀ। ASI ਨੇ ਮੁਲਜ਼ਮ ਧਿਰ ਖਿਲਾਫ ਕਾਰਵਾਈ ਕਰਨ ਲਈ ਉਸ ਕੋਲੋਂ 75 ਹਜ਼ਾਰ ਦੀ ਪਹਿਲਾਂ ਹੀ ਰਿਸ਼ਵਤ ਲਈ ਸੀ ਅਤੇ ਹੁਣ ਉਸ ਦੇ ਪਤੀ ਅਤੇ ਸਹੁਰੇ ਖਿਲਾਫ FIR ਦਰਜ ਕਰਨ ਦੇ ਲਈ 1 ਲੱਖ ਰੁਪਏ ਹੋਰ ਮੰਗ ਰਹੀ ਸੀ । ਮਨਜੀਤ ਨੇ ਸ਼ਿਕਾਇਤ ਵਿੱਚ ASI ਹਰਜਿੰਦਰ ਕੌਰ ਦੀ ਰਿਸ਼ਵਤ ਮੰਗਣ ਦੀ ਕਾਲ ਰਿਕਾਡਿੰਗ ਸੌਂਪਿਆ ਜਿਸ ਤੋਂ ਬਾਅਦ ਵਿਜੀਲੈਂਸ ਨੇ ASI ਹਰਜਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ।

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਬਾਅਦ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ FIR ਨੰਬਰ 19 ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਮਹਿਲਾ ASI ਹਰਜਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

Exit mobile version