ਮੁਹਾਲੀ ‘ਚ ਮੌਂਕੀਪਾਕਸ ਦੇ ਪਾਜ਼ੀਟਿਵ ਕੇਸ ਆਉਣ ਸਬੰਧੀ ਅਫ਼ਵਾਹ
‘ਦ ਖ਼ਾਲਸ ਬਿਊਰੋ :- ਕੇਰਲਾ ਵਿੱਚ Monkey pox ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੂਰੇ ਭਾਰਤ ਵਿੱਚ ਅਲਰਟ ਹੋ ਗਿਆ ਹੈ। ਹੁਣ ਖ਼ਬਰ ਮਿਲ ਰਹੀ ਸੀ ਕਿ ਮੁਹਾਲੀ ਵਿੱਚ ਵੀ Monkey pox ਦਾ ਪਹਿਲਾਂ ਮਾਮਲਾ ਆਇਆ ਹੈ ਪਰ ਸਿਵਿਲ ਸਰਜਨ ਮੁਹਾਲੀ ਨੇ ਇਸ ‘ਤੇ ਸਥਿਤੀ ਸਾਫ਼ ਕਰ ਦਿੱਤੀ ਹੈ।
ਸਿਵਲ ਸਰਜਨ ਦਾ ਬਿਆਨ
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਮਹਾਂਮਾਰੀ ਵਿਗਿਆਨੀ ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਵਿੱਚ ਹਾਲੇ ਤੱਕ ਮੌਂਕੀਪਾਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿਸੇ ਨੇ ਅਫਵਾਹ ਫੈਲਾਈ ਸੀ ਕਿ ਸ਼ਹਿਰ ਦੇ ਇੱਕ ਸਕੂਲ ਦੇ ਵਿਦਿਆਰਥੀਆਂ ‘ਚ ਮੌਂਕੀਪਾਕਸ ਦੇ ਕੁਝ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਖ਼ਬਰ ਪੂਰੀ ਤਰਾਂ ਬੇਬੁਨਿਆਦ ਅਤੇ ਤੱਥਾਂ ਤੋਂ ਸੱਖਣੀ ਹੈ। ਉਨਾਂ ਸਪੱਸ਼ਟ ਕੀਤਾ ਕਿ ਸਬੰਧਤ ਸਕੂਲ ਦੇ ਤਿੰਨ ਵਿਦਿਆਰਥੀਆਂ ਵਿੱਚ ਹੱਥ-ਪੈਰ ਅਤੇ ਮੂੰਹ ਦੀ ਬਿਮਾਰੀ ਨਾਲ ਸਬੰਧਤ ਕੁਝ ਲੱਛਣ ਸਨ, ਜਿਨਾਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜੇ ਗਏ ਸਨ। ਇੱਕ ਸੈਂਪਲ ਦੀ ਰਿਪੋਰਟ ਅਨੁਸਾਰ ਇੱਕ ਵਿਦਿਆਰਥੀ ਨੂੰ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਹੈ ਜਦਕਿ ਬਾਕੀ 2 ਸੈਂਪਲਾਂ ਦੀ ਰਿਪੋਰਟ ਜਲਦੀ ਹੀ ਆ ਜਾਵੇਗੀ। ਉਨਾਂ ਨੇ ਕਿਹਾ ਕਿ ਹੁਣ ਤੱਕ ਦੇਸ਼ ’ਚ ਮੌਂਕੀਪਾਕਸ ਦੇ 2 ਕੇਸ ਆਏ ਹਨ ਅਤੇ ਸੂਬੇ ਵਿੱਚ ਅਜਿਹਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
Monkey pox ਦੇ ਲੱਛਣ
ਅਧਿਕਾਰੀਆਂ ਨੇ ਕਿਹਾ ਹੈ ਕਿ ਹੱਥ ਪੈਰ ਅਤੇ ਮੂੰਹ ਦੀ ਬਿਮਾਰੀ ਆਮ ਤੌਰ ’ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜੇ ਇਸ ਬਿਮਾਰੀ ਦੇ ਮੁੱਖ ਲੱਛਣਾਂ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਦੌਰਾਨ ਮੂੰਹ ’ਚ ਛਾਲੇ ਅਤੇ ਹੱਥਾਂ ਅਤੇ ਪੈਰਾਂ ‘ਤੇ ਲਾਲ ਧੱਫੜ ਹੋ ਜਾਂਦੇ ਹਨ। ਉਨਾਂ ਕਿਹਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਇੱਕ ਆਪਣੇ ਆਪ ਠੀਕ ਹੋਣ ਵਾਲੀ (ਸੈਲਫ ਲਿਮਟਿੰਗ ਵਾਇਰਲ) ਬਿਮਾਰੀ ਹੈ, ਜਿਸ ਦਾ ਕਿਸੇ ਵੀ ਤਰਾਂ ਨਾਲ ਮੌਂਕੀਪਾਕਸ ਨਾਲ ਕੋਈ ਸਬੰਧ ਨਹੀਂ ਹੈ।