The Khalas Tv Blog Punjab ਕਿਸਾਨਾਂ ਨੂੰ MSP ਨਾ ਦੇਣ ‘ਤੇ ਬਾਹਰਲੇ ਸੂਬਿਆਂ ਦਾ ਬਿਜਲੀ-ਪਾਣੀ ਕਰਾਂਗੇ ਬੰਦ – ਰਵਨੀਤ ਬਿੱਟੂ
Punjab

ਕਿਸਾਨਾਂ ਨੂੰ MSP ਨਾ ਦੇਣ ‘ਤੇ ਬਾਹਰਲੇ ਸੂਬਿਆਂ ਦਾ ਬਿਜਲੀ-ਪਾਣੀ ਕਰਾਂਗੇ ਬੰਦ – ਰਵਨੀਤ ਬਿੱਟੂ

‘ਦ ਖ਼ਾਲਸ ਬਿਊਰੋ :-  ਖੇਤੀ ਕਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਸਿੱਧੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਲਿਆਂਦੇ MSP ਕਿਸਾਨਾਂ ਨੂੰ ਨਾ ਦੇਣ ਦੇ ਸਵਾਲ ‘ਤੇ ਕਿਹਾ ਕੀ ਜੇਕਰ ਕੇਂਦਰ ਸਰਕਾਰ ਅਜਿਹਾ ਕਰਦੀ ਹੈ ਤਾਂ ਉਹ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ‘ਚ ਜਾਣ ਤੋਂ ਰੋਕ ਦੇਣਗੇ। ਬਿੱਟੂ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਭਾਖੜਾ ਡੈਮ ਤੋਂ ਬਿਜਲੀ ਰੋਕਣ ਦੀ ਗੱਲ ਵੀ ਆਖੀ ਹੈ। ਹੋਰ ਤਾਂ ਹੋਰ ਹਿਮਾਚਲ ਤੇ ਜੰਮੂ ਕਸ਼ਮੀਰ ਦਾ ਰਾਹ ਬੰਦ ਕਰਨ ਦੀ ਗੱਲ ਆਖ ਕੇ ਇਹ ਕਹਿੰਦੇ ਨਜ਼ਰ ਆਏ, ਕਿ ਜੇ ਮੋਦੀ ਸਰਕਾਰ ਇਹੀ ਚਾਹੁੰਦੀ ਹੈ ਤਾਂ ਪੰਜਾਬ ਕਿਹੜਾ ਨਹੀਂ ਕਰ ਸਕਦਾ।

ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਨਕਾਰ ਦਿੱਤਾ ਗਿਆ ਹੈ। ਇਸ ਲਈ ਹੁਣ ਉਹ ਇਨ੍ਹਾਂ ਬਿੱਲਾਂ ਨੂੰ ਰੱਦੀ ਦੀ ਟੋਕਰੀ ’ਚ ਪਾ ਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰਨਾਂ ਆਗੂਆਂ ਨੂੰ ਦੇਣਗੇ ਤਾਂ ਜੋ ਉਹ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਅਜੇ ਤਾਂ ਕਿਸਾਨ ਹਿਤਾਂ ਦੀ ਸ਼ੁਰੂਆਤ ਹੈ। ਇਸ ਬਿੱਲ ‘ਤੇ ਅਜੇ ਰਾਸ਼ਟਰਪਤੀ ਤੇ ਰਾਜਪਾਲ ਦੇ ਦਸਤਖ਼ਤ ਹੋਣੇ ਬਾਕੀ ਹਨ, ਅਤੇ ਜੇਕਰ ਉਨ੍ਹਾਂ ਪੰਜਾਬ ਦੇ ਪਾਸ ਕੀਤੇ ਗਏ ਬਿੱਲਾਂ ’ਤੇ ਸਹਿਮਤੀ ਨਾ ਪ੍ਰਗਟਾਈ ਤਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦਿੱਲੀ ਵਿਖੇ ਜਾ ਕੇ ਪੱਕੇ ਤੌਰ ’ਤੇ ਧਰਨਾ ਲਾ ਦੇਣਗੇ।

ਬਿੱਟੂ ਨੇ ਕਿਹਾ ਕਿ ਭਾਜਪਾ ਆਗੂਆਂ ਵਲੋਂ ਉਨ੍ਹਾਂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ, ਅਤੇ ਜੇਕਰ ਪਰਚੇ ਵੀ ਦਰਜ ਹੋ ਜਾਂਦੇ ਹਨ ਤਾਂ ਉਹ ਵੀ ਉਨ੍ਹਾਂ ਲਈ ਮੈਡਲਾਂ ਵਰਗੇ ਹਨ। ਕਿਉਂਕਿ ਅਸੀਂ ਸਾਰੇ ਹੀ ਪੰਜਾਬੀ ਕਿਸਾਨ ਹਾਂ ਅਤੇ ਸਾਡੇ ਸੂਬੇ ਦੀ ਆਤਮ-ਨਿਰਭਰਤਾ ਕਿਸਾਨੀ ’ਤੇ ਹੀ ਹੈ। ਅੰਬਾਨੀ-ਅਡਾਨੀ ਨੇ MSP ਤੋਂ ਘੱਟ ਰੇਟ ’ਤੇ ਫ਼ਸਲ ਖਰੀਦੀ ਤਾਂ ਉਨ੍ਹਾਂ ਨੂੰ ਜੇਲ੍ਹ ਜਾਣਾ ਪਵੇਗਾ।

ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਾਂਗਰਸ ਦੇ ਅੰਦਰੂਨੀ ਕਲੇਸ਼ ਕਰਕੇ ਰਵਨੀਤ ਪੰਜਾਬ ਅੰਦਰ ਆਪਣੀ ਜ਼ਮੀਨ ਤਲਾਸ਼ ਰਿਹਾ। ਭਾਜਪਾ ਲਈ ਉਸਦੇ ਬਿਆਨ ਦੇ ਕੋਈ ਮਾਇਨੇ ਨਹੀਂ ਹਨ।

Exit mobile version