The Khalas Tv Blog Punjab ਸਾਬਕਾ ਸਰਪੰਚ ਨੇ ਬਜ਼ੁਰਗਾਂ ਦੀ ਪੈਨਸ਼ਨ ਦੇ 52.83 ਲੱਖ ਨੱਪੇ! BDPO ਦੀ ਜਾਂਚ ਰਿਪੋਰਟ ’ਚ ਹੋਇਆ ਖ਼ੁਲਾਸਾ
Punjab

ਸਾਬਕਾ ਸਰਪੰਚ ਨੇ ਬਜ਼ੁਰਗਾਂ ਦੀ ਪੈਨਸ਼ਨ ਦੇ 52.83 ਲੱਖ ਨੱਪੇ! BDPO ਦੀ ਜਾਂਚ ਰਿਪੋਰਟ ’ਚ ਹੋਇਆ ਖ਼ੁਲਾਸਾ

ਬਿਊਰੋ ਰਿਪੋਰਟ (28 ਫਰਵਰੀ, 2026): ਤਾਰਨ ਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਡਲ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਖ਼ਿਲਾਫ਼ 52 ਲੱਖ 83 ਹਜ਼ਾਰ ਰੁਪਏ ਦੇ ਗਬਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਸਰਪੰਚ ਨੇ ਆਪਣੇ ਕਾਰਜਕਾਲ ਦੌਰਾਨ ਪਿੰਡ ਦੇ ਗਰੀਬ ਪੈਨਸ਼ਨਧਾਰਕਾਂ ਦੇ ਪੈਸਿਆਂ ਵਿੱਚ ਵੱਡੀ ਹੇਰਾਫੇਰੀ ਕੀਤੀ।

2013 ਤੋਂ 2016 ਦੇ ਵਿਚਕਾਰ ਹੋਇਆ ਘੁਟਾਲਾ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਧੋਖਾਧੜੀ 1 ਜਨਵਰੀ 2013 ਤੋਂ 1 ਮਾਰਚ 2016 ਦੇ ਦਰਮਿਆਨ ਹੋਈ ਸੀ। ਜਦੋਂ ਪਰਮਜੀਤ ਸਿੰਘ ਸਰਪੰਚ ਸਨ, ਤਾਂ ਉਨ੍ਹਾਂ ਨੇ ਪੈਨਸ਼ਨ ਦੇ ਪੈਸੇ ਵੰਡਣ ਵਿੱਚ ਪਾਰਦਰਸ਼ਤਾ ਨਹੀਂ ਰੱਖੀ ਅਤੇ ਕਰੀਬ 52.83 ਲੱਖ ਰੁਪਏ ਦਾ ਗਬਨ ਕਰ ਲਿਆ। ਇਸ ਮਾਮਲੇ ਦੀ ਸ਼ਿਕਾਇਤ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੂੰ ਕੀਤੀ ਗਈ ਸੀ।

BDPO ਦੀ ਜਾਂਚ ’ਚ ਖੁਲ੍ਹੀ ਪੋਲ

ਬਲਾਕ ਭਿੱਖੀਵਿੰਡ ਦੇ ਬੀ.ਡੀ.ਪੀ.ਓ. (BDPO) ਨਿਸ਼ਾਨ ਸਿੰਘ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਜਾਂਚ ਰਿਪੋਰਟ ਵਿੱਚ ਸਰਪੰਚ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ। ਬੀ.ਡੀ.ਪੀ.ਓ. ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਖਾਲੜਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਥਾਣਾ ਖਾਲੜਾ ਦੇ ਹੈੱਡ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਸਰਪੰਚ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ ਅਤੇ ਉਹ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ।

Exit mobile version