The Khalas Tv Blog Punjab ਗ੍ਰਿਫ਼ਤਾਰੀ ’ਤੇ ਬੋਲੇ ਲਾਲਜੀਤ ਭੁੱਲਰ! ਸੋਸ਼ਲ ਮੀਡੀਆ ’ਤੇ ‘ਸਰੈਂਡਰ’ ਕਰਨ ਦਾ ਕੀਤਾ ਦਾਅਵਾ
Punjab

ਗ੍ਰਿਫ਼ਤਾਰੀ ’ਤੇ ਬੋਲੇ ਲਾਲਜੀਤ ਭੁੱਲਰ! ਸੋਸ਼ਲ ਮੀਡੀਆ ’ਤੇ ‘ਸਰੈਂਡਰ’ ਕਰਨ ਦਾ ਕੀਤਾ ਦਾਅਵਾ

ਅੰਮ੍ਰਿਤਸਰ/ਮੰਡੀ ਗੋਬਿੰਦਗੜ੍ਹ (23 ਮਾਰਚ, 2026): ਵੇਅਰਹਾਊਸ ਡਿਸਟ੍ਰਿਕਟ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਅੰਮ੍ਰਿਤਸਰ ਦੇ ਡੀਸੀਪੀ (DCP) ਰਵਿੰਦਰ ਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਫਤਿਹਗੜ੍ਹ ਸਾਹਿਬ ਪੁਲਿਸ ਦੀ ਮਦਦ ਨਾਲ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਭੁੱਲਰ ਦਾ ਸੋਸ਼ਲ ਮੀਡੀਆ ‘ਤੇ ਪੱਖ

ਉੱਧਰ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਲਾਲਜੀਤ ਭੁੱਲਰ ਨੇ ਫੇਸਬੁੱਕ ’ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਉਹ ਫਰਾਰ ਨਹੀਂ ਹੋਏ ਸਨ ਅਤੇ ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ ’ਤੇ ਪੂਰਾ ਭਰੋਸਾ ਹੈ। ਭੁੱਲਰ ਨੇ ਦਾਵਾ ਕੀਤਾ ਕਿ ਉਨ੍ਹਾਂ ਨੇ ਕਿਸੇ ਡਰ ਕਾਰਨ ਨਹੀਂ, ਸਗੋਂ ਸੱਚਾਈ ਅਤੇ ਇਨਸਾਫ਼ ’ਤੇ ਯਕੀਨ ਰੱਖਦਿਆਂ ਖ਼ੁਦ ਮੰਡੀ ਗੋਬਿੰਦਗੜ੍ਹ ਵਿਖੇ ਆਤਮ ਸਮਰਪਣ (Surrender) ਕੀਤਾ ਹੈ।

ਪਰਿਵਾਰ ਦੀਆਂ ਮੰਗਾਂ ਅਤੇ ਪੋਸਟਮਾਰਟਮ

ਦੂਜੇ ਪਾਸੇ, ਡੀਐਮ ਰੰਧਾਵਾ ਦੀ ਲਾਸ਼ ਅਜੇ ਵੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਹੈ। ਪਰਿਵਾਰ ਨੇ ਅਜੇ ਤੱਕ ਪੋਸਟਮਾਰਟਮ ਨਹੀਂ ਕਰਵਾਇਆ। ਡੀਸੀਪੀ ਰਵਿੰਦਰ ਪਾਲ ਸਿੰਘ ਅੱਜ ਮੁੜ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਅਤੇ ਬੰਦ ਕਮਰੇ ਵਿੱਚ ਗੱਲਬਾਤ ਕੀਤੀ। ਪਰਿਵਾਰ ਹੁਣ ਇਸ ਪੂਰੇ ਮਾਮਲੇ ਦੀ ਸੀਬੀਆਈ (CBI) ਜਾਂਚ ਅਤੇ ਪੀਜੀਆਈ (PGI) ਚੰਡੀਗੜ੍ਹ ਦੇ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ’ਤੇ ਅੜਿਆ ਹੋਇਆ ਹੈ।

Exit mobile version