The Khalas Tv Blog Punjab ਬੀਬੀ ਜਗੀਰ ਕੌਰ ਨੂੰ ਸਾਬਕਾ ਜਥੇਦਾਰ ਦਾ ਸਵਾਲ
Punjab

ਬੀਬੀ ਜਗੀਰ ਕੌਰ ਨੂੰ ਸਾਬਕਾ ਜਥੇਦਾਰ ਦਾ ਸਵਾਲ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰਟ ਜਾਂ ਸਿਆਸੀ ਲੀਡਰਾਂ ਨੇ ਜਥੇਦਾਰ ਨਹੀਂ ਲਾਉਣੇ ਹੁੰਦੇ, ਜਥੇਦਾਰ ਪੰਥ, ਸਥਾਨਕ ਮੈਨੇਜਮੈਂਟ ਨੇ ਲਾਉਣੇ ਹੁੰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪੰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਾ ਕਰਕੇ ਲਾਏ ਜਾਂਦੇ ਹਨ। ਇਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਰਣਜੀਤ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ 1999 ਵਿੱਚ ਤੁਹਾਡੀ ਪ੍ਰਬੰਧਕ ਕਮੇਟੀ ਦਾ ਐਗਜ਼ੈਕਟਿਵ ਜਿਸਦੀ ਅਗਵਾਈ ਬਲਬੀਰ ਸਿੰਘ ਪੰਨੂੰ ਕਰ ਰਿਹਾ ਸੀ, ਉਹ ਐਗਜ਼ਕਟਿਵ ਸਮੇਤ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਆਪਣੇ ਫਰਿਆਦ ਲੈ ਕੇ ਗਏ ਸੀ ਕਿ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਤੋਂ ਲਾਹਿਆ ਜਾਵੇ।

ਉਹ ਉਸ ਗੁਰਦੁਆਰਾ ਜੁਡੀਸ਼ਲ ਕੋਲ ਗਏ ਸਨ ਜਿਸਨੂੰ ਦਿੱਲੀ ਸਰਕਾਰ ਨੇ ਇੱਕ ਐਕਟ ਰਾਹੀਂ ਸਥਾਪਿਤ ਕੀਤਾ ਸੀ ਅਤੇ ਜਿਸਨੂੰ ਸੈਸ਼ਨ ਕੋਰਟ ਦੀ ਪਾਵਰ ਦਿੱਤੀ ਹੈ, ਜਿਸਦੇ ਤਿੰਨ ਮੈਂਬਰ ਹਨ ਜੋ ਦਾੜੀ ਕੱਟਦੇ ਵੀ ਹਨ ਅਤੇ ਰੰਗਦੇ ਵੀ ਹਨ। ਉਨ੍ਹਾਂ ਨੇ ਹੁਕਮ ਦਿੱਤਾ ਕਿ ਰਣਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸਸਪੈਂਡ ਕੀਤਾ ਜਾਂਦਾ ਹੈ। ਬੀਬੀ ਜੀ ਇਹ ਕਿਹੋ ਜਿਹਾ ਤੁਹਾਡਾ ਪੰਥ ਸੀ। ਫਿਰ ਤੁਸੀਂ ਪ੍ਰਧਾਨ ਬਣੇ ਅਤੇ ਫੌਰਨ ਚੰਡੀਗੜ੍ਹ ਤੋਂ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੁਕਮ ਲੈ ਕੇ ਇਹ ਐਲਾਨ ਕੀਤਾ ਕਿ ਰਣਜੀਤ ਸਿੰਘ ਨੂੰ ਸੇਵਾਮੁਕਤ ਕੀਤਾ ਜਾਂਦਾ ਹੈ ਉਹ ਵੀ ਕੁਰੱਪਸ਼ਨ ਦੇ ਦੋਸ਼ ਵਿੱਚ।

ਜਥੇਦਾਰ ਰਣਜੀਤ ਸਿੰਘ ਨੇ ਬੀਬੀ ਜਗੀਰ ਕੌਰ ਤੋਂ ਪੰਥ ਦੀ ਪਰਿਭਾਸ਼ਾ ਪੁੱਛੀ ਹੈ, ਉਹ ਕਿਸਨੂੰ ਪੰਥ ਮੰਨਦੇ ਹਨ। ਗੁਰੂ ਗ੍ਰੰਥ ਅਤੇ ਗੁਰੂ ਪੰਥ ਸਾਡਾ ਸਵਾਲ ਸੀ ਅਤੇ ਪੰਥ ਨੂੰ ਤੁਸੀਂ ਦੁਸ਼ਮਣਾਂ ਦੇ ਪੈਰਾਂ ਥੱਲੇ ਰੋਲ ਦਿੱਤਾ ਹੈ। ਪੰਥ ਨੂੰ ਤੁਸੀਂ ਉਸ ਪ੍ਰਬੰਧਕ ਕਮੇਟੀ ਦੇ ਅਧੀਨ ਨੌਕਰ ਬਣਾ ਲਿਆ ਹੈ ਜੋ ਸਰਕਾਰ ਦੇ ਅਧੀਨ ਬਣਾਇਆ ਗਿਆ ਸੀ। ਬੀਬੀ ਜੀ ਤੁਸੀਂ ਝੂਠੇ ਹੋ ਅਤੇ ਝੂਠਿਆਂ ਨੇ ਤੁਹਾਨੂੰ ਸੱਚ ਬੋਲਣ ਲਈ ਡਰਾਮਾ ਕਰਨ ਲਈ ਕਿਹਾ ਹੈ। ਰਣਜੀਤ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਯਾਦ ਕਰਵਾਉਂਦਿਆਂ ਕਿਹਾ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਦਸਮ ਪਾਤਸ਼ਾਹ ਵਲੋਂ ਲਿਖੇ ਹੋਏ 502 ਗ੍ਰੰਥ, 28 ਹੁਕਮਨਾਮਿਆਂ ਦਾ ਭੇਦ ਦਿਉ, ਉਹ ਕਿੱਥੇ ਗਏ ਹਨ। ਜੇ ਗਏ ਹਨ ਤਾਂ ਤੁਸੀਂ ਉਸ ਬਾਰੇ ਬੋਲਦੇ ਕਿਉਂ ਨਹੀਂ ਹੋ। ਤੁਸੀਂ ਨਾ ਪੰਥ ਰਹਿਣ ਦਿੱਤਾ, ਨਾ ਗ੍ਰੰਥ ਰਹਿਣ ਦਿੱਤਾ ਅਤੇ ਨਾ ਸਾਡੇ ਸਿਧਾਂਤ ਰਹਿਣ ਦਿੱਤੇ।

Exit mobile version