The Khalas Tv Blog India ਚੰਡੀਗੜ੍ਹ ਵਾਲੇ ਸਾਵਧਾਨ! ਦੁੱਧ ਤੇ ਪਨੀਰ ਦੇ ਹਰ ਤੀਜੇ ਨਮੂਨੇ ’ਚ ਮਿਲਾਵਟ
India Punjab

ਚੰਡੀਗੜ੍ਹ ਵਾਲੇ ਸਾਵਧਾਨ! ਦੁੱਧ ਤੇ ਪਨੀਰ ਦੇ ਹਰ ਤੀਜੇ ਨਮੂਨੇ ’ਚ ਮਿਲਾਵਟ

ਬਿਊਰੋ ਰਿਪੋਰਟ (ਚੰਡੀਗੜ੍ਹ, 15 ਦਸੰਬਰ 2025): ਚੰਡੀਗੜ੍ਹ ਦੇ ਨਾਗਰਿਕਾਂ ਨੂੰ ਮਿਲ ਰਹੇ ਦੁੱਧ ਅਤੇ ਪਨੀਰ ਦੀ ਸ਼ੁੱਧਤਾ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਦੀ ਤਾਜ਼ਾ ਰਿਪੋਰਟ ਨੇ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ, ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਦੇ ਲਏ ਗਏ ਨਮੂਨਿਆਂ ਵਿੱਚੋਂ ਲਗਭਗ ਹਰ ਤੀਜਾ ਨਮੂਨਾ ਗੁਣਵੱਤਾ ਦੇ ਮਾਪਦੰਡਾਂ ’ਤੇ ਫੇਲ੍ਹ ਹੋਇਆ ਹੈ।

ਆਹਾਰ ਮਾਹਿਰਾਂ ਦੀ ਮੰਨੀਏ ਤਾਂ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਯੂਰੀਆ, ਡਿਟਰਜੈਂਟ, ਸਟਾਰਚ, ਫਾਰਮੇਲਿਨ ਅਤੇ ਸਿੰਥੈਟਿਕ ਪਦਾਰਥਾਂ ਦੀ ਮਿਲਾਵਟ ਕੀਤੀ ਜਾ ਰਹੀ ਹੈ। ਇਹ ਮਿਲਾਵਟ ਨਾ ਸਿਰਫ਼ ਸਿਹਤ ਲਈ ਹਾਨੀਕਾਰਕ ਹੈ, ਸਗੋਂ ਇਸ ਨਾਲ ਕਿਡਨੀ ਫੇਲ੍ਹ ਹੋਣ, ਲਿਵਰ ਖਰਾਬ ਹੋਣ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਕਈ ਗੁਣਾ ਵੱਧ ਜਾਂਦਾ ਹੈ।

ਤਾਜ਼ਾ ਅੰਕੜੇ 

FSSAI ਦੇ ਅੰਕੜੇ ਦਰਸਾਉਂਦੇ ਹਨ ਕਿ ਸ਼ਹਿਰ ਦੀ ਸਿਹਤ ਸੁਰੱਖਿਆ ਪ੍ਰਣਾਲੀ ਵਿੱਚ ਕਮੀਆਂ ਹਨ ਅਤੇ ਫੂਡ ਸੇਫਟੀ ਵਿਭਾਗ ਦੀ ਕਾਰਗੁਜ਼ਾਰੀ ਅਜੇ ਵੀ ਲੋੜੀਂਦੀ ਨਹੀਂ ਹੈ।

ਪਿਛਲੇ ਤਿੰਨ ਵਿੱਤੀ ਸਾਲਾਂ ਵਿੱਚ ਲਏ ਗਏ ਨਮੂਨਿਆਂ ਦਾ ਰਿਕਾਰਡ ਚਿੰਤਾਜਨਕ ਹੈ:

  • 2022-23: 23 ਸੈਂਪਲਾਂ ਵਿੱਚੋਂ 6 ਫੇਲ੍ਹ ਹੋਏ।
  • 2023-24: 40 ਸੈਂਪਲਾਂ ਵਿੱਚੋਂ 17 ਗੈਰ-ਮਿਆਰੀ ਪਾਏ ਗਏ।
  • 2024-25: ਹੁਣ ਤੱਕ 36 ਸੈਂਪਲਾਂ ਵਿੱਚੋਂ 19 ਫੇਲ੍ਹ ਹੋ ਚੁੱਕੇ ਹਨ।

ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਚੰਡੀਗੜ੍ਹ ਵਿੱਚ ਮਿਲਾਵਟਖੋਰੀ ਲਗਾਤਾਰ ਵੱਧ ਰਹੀ ਹੈ। ਪਨੀਰ ਦੇ ਨਮੂਨਿਆਂ ਵਿੱਚ ਖ਼ਾਸ ਤੌਰ ’ਤੇ ਸਟਾਰਚ ਅਤੇ ਸੁਕਰੋਜ਼ ਵਰਗੀਆਂ ਮਿਲਾਵਟਾਂ ਆਮ ਪਾਈਆਂ ਗਈਆਂ ਹਨ।

ਹਾਲਾਂਕਿ, ਗੁਆਂਢੀ ਰਾਜਾਂ ਪੰਜਾਬ ਅਤੇ ਹਰਿਆਣਾ ਦੇ ਮੁਕਾਬਲੇ ਚੰਡੀਗੜ੍ਹ ਦੀ ਸਥਿਤੀ ਥੋੜ੍ਹੀ ਬਿਹਤਰ ਹੈ, ਜਿੱਥੇ ਫੇਲ੍ਹ ਹੋਣ ਦੀ ਪ੍ਰਤੀਸ਼ਤਤਾ ਕਾਫ਼ੀ ਜ਼ਿਆਦਾ ਹੈ। ਪਰ ਚੰਡੀਗੜ੍ਹ ਵਿੱਚ ਵਧਦੀ ਫੇਲ੍ਹ ਪ੍ਰਤੀਸ਼ਤਤਾ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕਰਦੀ ਹੈ। ਖਾਸ ਤੌਰ ‘ਤੇ ਬਾਹਰੀ ਰਾਜਾਂ ਤੋਂ ਆਉਣ ਵਾਲੇ ਉਤਪਾਦਾਂ ਦੀ ਸਪਲਾਈ ਚੇਨ ‘ਤੇ ਚੌਕਸੀ ਵਧਾਉਣ ਦੀ ਜ਼ਰੂਰਤ ਹੈ।

Exit mobile version