The Khalas Tv Blog Punjab ਫਰੀਦਕੋਟ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ: ਬੰਬੀਹਾ ਗੈਂਗ ਦੇ 2 ਸਾਥੀ ਜ਼ਖਮੀ
Punjab

ਫਰੀਦਕੋਟ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ: ਬੰਬੀਹਾ ਗੈਂਗ ਦੇ 2 ਸਾਥੀ ਜ਼ਖਮੀ

ਫਰੀਦਕੋਟ ‘ਚ ਮੰਗਲਵਾਰ ਅੱਧੀ ਰਾਤ ਨੂੰ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਜਿਸ ਵਿੱਚ ਬੰਬੀਹਾ ਗੈਂਗ ਦੇ ਦੋ ਗੁੰਡੇ ਕਾਬੂ ਕੀਤੇ ਗਏ। ਕਰਾਸ ਫਾਇਰਿੰਗ ‘ਚ ਦੋਵੇਂ ਜ਼ਖਮੀ ਹੋ ਗਏ। ਇਨ੍ਹਾਂ ਕੋਲੋਂ ਦੋ ਪਿਸਤੌਲ, 6 ਕਾਰਤੂਸ ਅਤੇ ਇੱਕ ਫਾਰਚੂਨਰ ਕਾਰ ਬਰਾਮਦ ਹੋਈ ਹੈ।

ਮੁਲਜ਼ਮਾਂ ਦੀ ਪਛਾਣ ਹਰਮਨਦੀਪ ਸਿੰਘ ਉਰਫ਼ ਰੂਸਾ ਵਾਸੀ ਪਿੰਡ ਬਹਿਬਲ ਕਲਾਂ ਜ਼ਿਲ੍ਹਾ ਫ਼ਰੀਦਕੋਟ ਅਤੇ ਸੁਖਜੀਤ ਸਿੰਘ ਉਰਫ਼ ਸੁੱਖ ਰੋਮਾਣਾ ਵਾਸੀ ਪਿੰਡ ਰੋਮਾਣਾ ਅਲਬੇਲ ਸਿੰਘ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਬੰਬੀਹਾ ਗੈਂਗ ਦੇ ਮਸ਼ਹੂਰ ਗੈਂਗਸਟਰ ਸਿੰਮਾ ਬਹਿਬਲ ਦੇ ਸਾਥੀ ਹਨ ਅਤੇ ਇਲਾਕੇ ਦੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਵਸੂਲਦੇ ਰਹੇ ਹਨ।

ਸਰਕਾਰੀ ਗੱਡੀ ‘ਤੇ ਤਿੰਨ ਫਾਇਰ ਕੀਤੇ ਗਏ

ਐਸਐਸਪੀ ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਸੀਆਈਏ ਸਟਾਫ਼ ਜੈਤੋ ਨੂੰ ਸੂਚਨਾ ਮਿਲੀ ਸੀ ਕਿ ਲੋੜੀਂਦੇ ਗੈਂਗਸਟਰ ਸਿੰਮਾ ਬਹਿਬਲ ਨਾਲ ਸਬੰਧਤ ਕੁਝ ਬਦਮਾਸ਼ ਇਲਾਕੇ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਮੁਲਜ਼ਮਾਂ ਦੀ ਹਰਕਤ ਫਰੀਦਕੋਟ ਕੋਟਕਪੂਰਾ ਇਲਾਕੇ ਵਿੱਚ ਦੇਖੀ ਗਈ।

ਇਸ ਸੂਚਨਾ ਦੇ ਆਧਾਰ ‘ਤੇ ਸੀ.ਆਈ.ਏ ਸਟਾਫ ਜੈਤੋ ਅਤੇ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਬੀੜ ਸਿੱਖਾਂ ਵਾਲਾ ਨੇੜੇ ਨਾਕਾਬੰਦੀ ਕੀਤੀ | ਇਸ ਦੌਰਾਨ ਉਨ੍ਹਾਂ ਫਾਰਚੂਨਰ ਕਾਰ ਵਿੱਚ ਸਵਾਰ ਦੋ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਪੁਲੀਸ ਦੀ ਸਰਕਾਰੀ ਗੱਡੀ ’ਤੇ ਤਿੰਨ ਗੋਲੀਆਂ ਚਲਾ ਦਿੱਤੀਆਂ ਅਤੇ ਕਰਾਸ ਫਾਇਰਿੰਗ ਵਿੱਚ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਦੋਹਾਂ ਦੀਆਂ ਲੱਤਾਂ ‘ਚ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਜਾ ਰਿਹਾ ਹੈ।

 

Exit mobile version