ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਅੱਜ ਬੁਲਾਈ ਗਈ ਹੈ। ਇਹ ਮੀਟਿੰਗ ਸਵੇਰੇ 10 ਵਜੇ ਗੁਰਦੁਆਰਾ ਕਟਾਣਾ ਸਾਹਿਬ ਲੁਧਿਆਣਾ ਵਿੱਚ ਹੋਵੇਗੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਵਿੱਚ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਪਹਿਲੀ ਵਾਰ ਅੰਮ੍ਰਿਤਸਰ ਤੋਂ ਬਾਹਰ ਹੋ ਰਹੀ ਹੈ।
ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬੁੱਧਵਾਰ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਬੰਦ ਕਮਰਾ ਮੁਲਾਕਾਤ ਕੀਤੀ।
ਚਰਚਾ ਹੈ ਕਿ ਬਲਵਿੰਦਰ ਸਿੰਘ ਭੂੰਦੜ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਹਰਜਿੰਦਰ ਸਿੰਘ ਧਾਮੀ ਤੇ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਚੱਲ ਰਹੇ ਰੇੜਕੇ ਤੇ ਬਣੇ ਪੰਥਕ ਹਾਲਾਤ ਉਤੇ ਵਿਚਾਰ ਹੋਈ ਹੈ ਤਾਂ ਜੋ ਇਸ ਮਾਮਲੇ ਨੂੰ ਵੀਰਵਾਰ ਸਵੇਰੇ 11 ਵਜੇ ਹੋਣ ਵਾਲੀ ਅੰਤ੍ਰਿੰਗ ਕਮੇਟੀ ਵੱਲੋਂ ਵਿਚਾਰਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਪ੍ਰਤੀ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਰਸਾ ਸਿੰਘ ਵਲਟੋਹਾ ਸਬੰਧੀ ਬੋਲੇ ਅਪਸ਼ਬਦਾਂ ਦੀ ਵਾਇਰਲ ਆਡੀਓ ਵੀਡੀਓ ਨੇ ਧਾਰਮਿਕ ਤੇ ਪੰਥਕ ਸਖਸ਼ੀਅਤਾਂ ਦੀ ਸਖਸ਼ੀਅਤ ‘ਤੇ ਸਵਾਲੀਆ ਚਿੰਨ ਲਗਾਇਆ ਹੈ।
ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਨੂੰ ਬੋਲੇ ਅਪਸ਼ਬਦਾਂ ‘ਤੇ ਮਾਫੀ ਵੀ ਮੰਗੀ ਗਈ ਹੈ। ਇਸ ਤੋਂ ਇਲਾਵਾ ਐਡਵੋਕੇਟ ਧਾਮੀ ਨੂੰ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਵੀ ਤਲਬ ਕਰ ਕੇ ਜਵਾਬ ਲਿਆ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਉਪਰ ਕਈ ਤਰ੍ਹਾਂ ਦੇ ਦੋਸ਼ ਲੱਗੇ ਹਨ, ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਜ਼ਰਿਏ ਸੰਗਤਾਂ ਸਾਹਮਣੇ ਆਪਣਾ ਸਪੱਸ਼ਟੀਕਟਨ ਰੱਖਿਆ ਹੈ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਅੰਤ੍ਰਿੰਗ ਕਮੇਟੀ ਫੈਸਲਾ ਲੈ ਸਕਦੀ ਹੈ।