‘ਦ ਖ਼ਾਲਸ ਬਿਊਰੋ : ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ ਦੀ SG-11 ਫਲਾਈਟ ਵਿੱਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਕਰਾਚੀ (ਪਾਕਿਸਤਾਨ) ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
ਇਸ ਮਾਮਲੇ ‘ਤੇ ਇਕ ਬਿਆਨ ਜਾਰੀ ਕਰਦੇ ਹੋਏ ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿ ਸਪਾਈਸਜੈੱਟ ਬੀ737 ਏਅਰਕ੍ਰਾਫਟ ਓਪਰੇਟਿੰਗ ਫਲਾਈਟ ਐਸਜੀ-11 (ਦਿੱਲੀ-ਦੁਬਈ) ਨੂੰ ਇਕ ਇੰਡੀਕੇਟਰ ਲਾਈਟ ਦੀ ਖਰਾਬੀ ਕਾਰਨ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ।
ਜਹਾਜ਼ ਕਰਾਚੀ ਵਿੱਚ ਸੁਰੱਖਿਅਤ ਉਤਰ ਗਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿ ਕੋਈ ਐਮਰਜੈਂਸੀ ਘੋਸ਼ਿਤ ਨਹੀਂ ਕੀਤੀ ਗਈ ਸੀ ਅਤੇ ਜਹਾਜ਼ ਨੇ ਸਾਧਾਰਨ ਲੈਂਡਿੰਗ ਕੀਤੀ ਗਈ। ਇਸ ਤੋਂ ਪਹਿਲਾਂ ਜਹਾਜ਼ ਦੇ ਨਾਲ ਕਿਸੇ ਤਰ੍ਹਾਂ ਦੀ ਖਰਾਬੀ ਦੀ ਕੋਈ ਖਬਰ ਨਹੀਂ ਸੀ। ਯਾਤਰੀਆਂ ਨੂੰ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਹੈ। ਇਕ ਹੋਰ ਜਹਾਜ਼ ਕਰਾਚੀ ਭੇਜਿਆ ਜਾ ਰਿਹਾ ਹੈ, ਜੋ ਯਾਤਰੀਆਂ ਨੂੰ ਦੁਬਈ ਲੈ ਕੇ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਪਾਈਸ ਜੈੱਟ ਦੇ ਜਹਾਜ਼ ਨੂੰ ਲੈ ਕੇ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਹਾਲ ਹੀ ‘ਚ ਦਿੱਲੀ ਤੋਂ ਜਬਲਪੁਰ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਨੂੰ ਖਰਾਬੀ ਕਾਰਨ ਮੁੜ ਦਿੱਲੀ ਪਰਤਣਾ ਪਿਆ। ਦਰਅਸਲ ਜਦੋਂ ਜਹਾਜ਼ 5000 ਮੀਟਰ ਦੀ ਉਚਾਈ ‘ਤੇ ਸੀ ਤਾਂ ਅਚਾਨਕ ਕੈਬਿਨ ‘ਚ ਧੂੰਆਂ ਫੈਲਣ ਲੱਗਾ। ਇਸ ਕਾਰਨ ਜਹਾਜ਼ ਨੂੰ ਦਿੱਲੀ ‘ਚ ਲੈਂਡ ਕਰਨਾ ਪਿਆ। ਕੁਝ ਸਮੇਂ ਬਾਅਦ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਜਬਲਪੁਰ ਲਿਜਾਇਆ ਗਿਆ।
ਇਸ ਦੇ ਨਾਲ ਹੀ ਇਸ ਘਟਨਾ ਤੋਂ ਪਹਿਲਾਂ ਵੀ ਪਟਨਾ ‘ਚ ਸਪਾਈਸ ਜੈੱਟ ਦਾ ਜਹਾਜ਼ ਇਕ ਪੰਛੀ ਨਾਲ ਟਕਰਾ ਗਿਆ ਸੀ, ਜਿਸ ਕਾਰਨ ਇਕ ਇੰਜਣ ‘ਚ ਅੱਗ ਲੱਗ ਗਈ ਸੀ। ਇਸ ਤੋਂ ਬਾਅਦ ਜਹਾਜ਼ ਨੇ ਪਟਨਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ।