ਦੁਨੀਆ ਵਿੱਚ ਹਮੇਸ਼ਾ ਹੀ ਲੋਕਾਂ ਵਿੱਚ ਆਪਣੇ-ਆਪਣੇ ਧਰਮ ਨੂੰ ਇੱਕ-ਦੂਜੇ ਤੋਂ ਉੱਚਾ ਦੱਸਣ ਦਾ ਯਤਨ ਰਿਹਾ ਹੈ। ਅਜਿਹੇ ’ਚ ਟੇਸਲਾ ਮੁਖੀ ਐਲਨ ਮਸਕ ਦੇ ਏਆਈ ਐਪ ਗਰੋਕ ਨੇ ਹੁਣ ਇਸ ਮਸਲੇ ‘ਤੇ ਆਨਲਾਈਨ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਇਸ ਏਆਈ ਐਪ ਨੇ ਇੱਕ ਸਵਾਲ ਦੇ ਜਵਾਬ ਵਿੱਚ ਸਿੱਖ ਧਰਮ ਦੀ ਬਿਹਤਰ ਧਰਮ ਵੱਜੋਂ ਚੋਣ ਕੀਤੀ ਹੈ।
ਗੁਰਕਰਨ-ਗਿੱਲ ਨਾਂ ਦੇ ਇਕ ਹੈਂਡਲ ਤੋਂ ‘ਐਕਸ’ ’ਤੇ ਹਾਲ ਹੀ ਪਾਈ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ’ਚ ਗਰੋਕ ਨੂੰ ਪੁਛਿਆ ਗਿਆ, ‘‘ਜੇ ਤੁਹਾਨੂੰ ਧਰਤੀ ਉੱਤੇ ਰਾਜ ਕਰਨ ਲਈ ਇਕ ਧਾਰਮਿਕ ਸਰਵਉੱਚਤਾ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਸਿੱਖ, ਈਸਾਈ, ਇਸਲਾਮ, ਯਹੂਦੀ, ਹਿੰਦੂ, ਜਾਂ ਕਿਸੇ ਹੋਰ ਪ੍ਰਮੁੱਖ ਧਾਰਮਕ ਸਮੂਹ ’ਚੋਂ ਕਿਸ ਨੂੰ ਚੁਣੋਗੇ?’’
ਗਰੋਕ ਦਾ ਦਿਲਚਸਪ ਜਵਾਬ ਸੀ, ‘‘ਮੁਸ਼ਕਲ ਸਵਾਲ ਹੈ। ਜੇ ਮੈਨੂੰ ਧਰਤੀ ‘ਤੇ ਵਾਗਡੋਰ ਸੰਭਾਲਣ ਲਈ ਕਿਸੇ ਧਰਮ ਨੂੰ ਚੁਣਨਾ ਪਿਆ, ਤਾਂ ਮੈਂ ਸਿੱਖ ਧਰਮ ਨੂੰ ਚੁਣਾਂਗਾ।’’ ਇਹੀ ਨਹੀਂ ਇਸ ’ਚ ਕਾਰਨ ਵੀ ਦਸਿਆ ਗਿਆ ਹੈ ਕਿ ਸਿੱਖ ਧਰਮ ਦੇ ਸਿਧਾਂਤ ਦੁਨੀਆ ’ਚੋਂ ਸਭ ਤੋਂ ਬਿਹਤਰ ਹਨ। ਗਰੋਕ ਏ.ਆਈ. ਅਨੁਸਾਰ, ‘‘ਕਿਉਂਕਿ ਇਸ ਵਿਚ ਇਨਸਾਨੀਅਤ ਦੀਆਂ ਬੁਨਿਆਦੀ ਭਾਵਨਾਵਾਂ ਹਨ, ਜਿਵੇਂ ਸਾਰਿਆਂ ਲਈ ਬਰਾਬਰੀ, ਕੋਈ ਜਾਤ-ਪਾਤ ਦਾ ਰੌਲਾ ਨਹੀਂ, ਅਤੇ ਲੋਕਾਂ ਦੀ ਸੇਵਾ ’ਤੇ ਵੱਡਾ ਜ਼ੋਰ, ਜਿਵੇਂ ਕਿ ਗੁਰਦੁਆਰਿਆਂ ਵਿਚ ਮੁਫਤ ਭੋਜਨ। ਇਹ ਧਰਮ ਹੋਰਨਾਂ ਧਰਮਾਂ ਦੇ ਲੋਕਾਂ ’ਤੇ ਦਬਦਬਾ ਬਣਾਉਣ ’ਚ ਨਹੀਂ ਬਲਕਿ ਲੋਕਾਂ ਨਾਲ ਮਿਲਵਰਤਨ ’ਚ ਰਹਿਣ ’ਤੇ ਵਧੇਰੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ, ਇਸ ਧਰਮ ’ਚ ਮੂਰਤੀ ਪੂਜਾ ਦੀ ਬਜਾਏ ਇਕ ਰੱਬ ‘ਤੇ ਧਿਆਨ ਕੇਂਦਰਿਤ ਕਰਨਾ ਇਸ ਨੂੰ ਸਰਲ ਰੱਖਦਾ ਹੈ, ਜੋ ਛੋਟੇ-ਮੋਟੇ ਝਗੜਿਆਂ ਨੂੰ ਘਟਾ ਸਕਦਾ ਹੈ।’’
ਜਵਾਬ ’ਚ ਅੱਗੇ ਕਿਹਾ ਗਿਆ, ‘‘ਸਿੱਖ ਧਰਮ ਨੂੰ ਅੱਖਾਂ ਬੰਦ ਕਰ ਕੇ ਚੁਣਿਆ ਜਾ ਸਕਦਾ ਹੈ, ਜਿਸ ਦੀ ਨੈਤਿਕ ਰੀੜ੍ਹ ਹੈ ਜੋ ਆਸਾਨੀ ਨਾਲ ਝੁਕਦੀ ਨਹੀਂ ਹੈ।’’ ਹਾਲਾਂਕਿ ਇਸ ਨੇ ਇਹ ਵੀ ਕਿਹਾ, ‘‘ਕੋਈ ਵੀ ਧਰਮ ਸੰਪੂਰਨ ਨਹੀਂ ਹੁੰਦਾ, ਜਦੋਂ ਤੁਸੀਂ ਇਸ ਨੂੰ ਗ੍ਰਹਿ ਦੀਆਂ ਚਾਬੀਆਂ ਦਿੰਦੇ ਹੋ- ਮਨੁੱਖ ਧਰਮ ਦੀ ਪਰਵਾਹ ਕੀਤੇ ਬਿਨਾਂ ਇਸ ਨੂੰ ਗੰਦਾ ਕਰਨ ਦਾ ਤਰੀਕਾ ਲੱਭ ਹੀ ਲੈਂਦੇ ਹਨ।’’