‘ਦ ਖ਼ਾਲਸ ਬਿਊਰੋ:- ਮੁੰਬਈ ਵਿੱਚ ਅੱਜ ਸਵੇਰੇ ਪਾਵਰ ਗਰਿੱਡ ਫੇਲ੍ਹ ਹੋਣ ਨਾਲ ਦੇਸ਼ ਦੀ ਵਿੱਤੀ ਰਾਜਧਾਨੀ ਦੇ ਅੱਧੇ ਨਾਲੋਂ ਵੱਧ ਹਿੱਸੇ ਤੇ ਹੋਰਨਾਂ ਨੇੜਲੇ ਨੀਮ ਸ਼ਹਿਰੀ ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ ਹੈ। ਗਰਿੱਡਾਂ ਦੇ ਬੈਠਣ ਨਾਲ ਜਿੱਥੇ ਮੁੰਬਈ ਦੀ ਜਿੰਦ ਜਾਨ ਕਿਹਾ ਜਾਂਦਾ ਰੇਲ ਨੈੱਟਵਰਕ ਠੱਪ ਹੋ ਕੇ ਰਹਿ ਗਿਆ, ਉੱਥੇ ਹੀ ਬੰਬੇ ਸਟਾਕ ਐਕਸਚੇਂਜ ਸਮੇਤ ਹੋਰ ਕਈ ਵੱਡੇ ਦਫ਼ਤਰਾਂ ਦੇ ਕੰਮਕਾਜ ਵਿੱਚ ਵੀ ਵਿਘਨ ਪਿਆ।
ਸ਼ਹਿਰ ਦੇ ਬਿਜਲੀ ਸਪਲਾਈ ਬੋਰਡ ਮੁਤਾਬਕ ਇਹ ਸਾਰੀਆਂ ਮੁਸ਼ਕਲਾਂ ਟਾਟਾ ਦੀ ਪਿੱਛਿਓਂ ਆਉਂਦੀ ਬਿਜਲੀ ਸਪਲਾਈ ’ਚ ਨੁਕਸ ਪੈਣ ਕਰਕੇ ਆ ਰਹੀਆਂ ਹਨ। ਕੁੱਝ ਖੇਤਰਾਂ ਵਿੱਚ ਤਾਂ ਟਰੈਫਿਕ ਲਾਈਟਾਂ ਵੀ ਬੰਦ ਹੋ ਗਈਆਂ ਹਨ। ਬ੍ਰਿਹਨਮੁੰਬਈ ਬਿਜਲੀ ਸਪਲਾਈ ਤੇ ਟਰਾਂਸਪੋਰਟ (ਬੈਸਟ) ਨੇ ਟਵੀਟ ਕੀਤਾ ਕਿ, ‘ਟਾਟਾ ਤੋਂ ਆ ਰਹੀ ਬਿਜਲੀ ਸਪਲਾਈ ਵਿੱਚ ਨੁਕਸ ਪੈਣ ਕਰਕੇ ਬਿਜਲੀ ਗਈ ਹੈ।’
ਜਾਣਕਾਰੀ ਮੁਤਾਬਕ ਜ਼ਰੂਰੀ ਕੰਮਕਾਜ ਲਈ ਚੱਲਦੀਆਂ ਮੁਕਾਮੀ ਰੇਲ ਸੇਵਾਵਾਂ ਵੀ ਸਵੇਰੇ 10 ਵਜੇ ਤੋਂ ਬੰਦ ਹਨ। ਸੂਬਾ ਸਰਕਾਰ ਵੱਲੋਂ ਚਲਾਈ ਜਾਂਦੀ ਕੰਪਨੀ ਬੈਸਟ, ਅਡਾਨੀ ਇਲੈਕਟ੍ਰੀਸਿਟੀ ਤੇ ਟਾਟਾ ਪਾਵਰ ਸਮੇਤ ਵੱਖ-ਵੱਖ ਕੰਪਨੀਆਂ ਮੁੰਬਈ ਵਿੱਚ ਬਿਜਲੀ ਸਪਲਾਈ ਕਰਦੀਆਂ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਊਰਜਾ ਮੰਤਰੀ ਨਿਤਿਨ ਰਾਊਤ ਨੇ ਕਿਹਾ ਕਿ ਮੁੰਬਈ ਤੇ ਠਾਣੇ ਵਿੱਚ ਅਗਲੇ ਇੱਕ ਘੰਟੇ ’ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।