ਜ਼ਿਲ੍ਹਾ ਮੁਕਤਸਰ ਵਿੱਚ ਹਲਕਾ ਲੰਬੀ ਦੇ ਪਿੰਡ ਕੱਖਾਂਵਾਲੀ ‘ਚ ਲੋਕ ਸਭਾ ਚੋਣਾਂ ਦੀ ਵੋਟਿੰਗ ਦੌਰਾਨ ਇਕ ਘਰ ਦੇ ਸਾਹਮਣੇ ਕਾਂਗਰਸ ਦਾ ਬੂਥ ਨਾ ਹਟਾਉਣ ਨੂੰ ਲੈ ਕੇ ਦੋ ਸਕੇ ਭਰਾਵਾਂ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ‘ਚੋਂ ਇੱਕ, ਗੁਰਮੀਤ ਰਾਮ ਦੀ ਮੌਤ ਹੋ ਗਈ। ਜਦਕਿ ਉਸ ਦਾ ਦੂਜਾ ਭਰਾ ਮਨਜੀਤ ਰਾਮ ਗੰਭੀਰ ਜ਼ਖ਼ਮੀ ਹੋ ਗਿਆ। ਉਕਤ ਮਾਮਲੇ ‘ਚ ਥਾਣਾ ਲੰਬੀ ਦੀ ਪੁਲਿਸ ਨੇ 14 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। 1 ਜੂਨ ਨੂੰ ਵੋਟਾਂ ਵਾਲੇ ਦਿਨ ਕਾਂਗਰਸ ਪਾਰਟੀ ਨੇ ਉਨ੍ਹਾਂ ਦੇ ਚਾਚਾ ਮਨਜੀਤ ਸਿੰਘ ਦੇ ਘਰ ਅੱਗੇ ਬੂਥ ਲਾਇਆ ਸੀ। ਦਲੀਪ ਰਾਮ ਸਰਪੰਚ, ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧਿਤ ਹੈ, ਨੇ ਆਪਣੇ ਚਾਚਾ ਅਤੇ ਪਿਤਾ ਗੁਰਮੀਤ ਰਾਮ ਨੂੰ ਕਿਹਾ ਕਿ ਉਹ ਆਪਣੇ ਘਰ ਨੇੜੇ ਕਾਂਗਰਸ ਦਾ ਬੂਥ (ਟੈਂਟ) ਨਾ ਲਗਾਉਣ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਅਤੇ ਚਾਚੇ ਨੇ ਕਿਹਾ ਕਿ ਹੁਣ ਬੂਥ ਬਣਾ ਦਿੱਤਾ ਗਿਆ ਹੈ ਤਾਂ ਦਲੀਪ ਰਾਮ ਸਰਪੰਚ ਗੁੱਸੇ ਵਿੱਚ ਆ ਕੇ ਉੱਥੋਂ ਚਲਾ ਗਿਆ।
ਇਸ ਤੋਂ ਬਾਅਦ 4 ਜੂਨ ਨੂੰ ਸ਼ਾਮ ਕਰੀਬ 6.30 ਵਜੇ ਜਦੋਂ ਉਹ, ਉਸ ਦੇ ਪਿਤਾ ਤੇ ਚਾਚਾ ਘਰ ਵਿਚ ਮੌਜੂਦ ਸਨ ਤਾਂ ਪਿੰਡ ਦੇ ਸਰਪੰਚ ਦਲੀਪ ਰਾਮ, ਮਲਕੀਤ ਰਾਮ, ਬੂਟਾ ਰਾਮ, ਸੰਦੀਪ ਰਾਮ, ਸੰਦੀਪ ਰਾਮ, ਗਗਨਦੀਪ ਰਾਮ, ਹਰਬੰਸ ਸਿੰਘ, ਹੈਪੀ, ਜਸਵੀਰ ਸਿੰਘ, ਹਰਸ਼ਪਿੰਦਰ ਸਿੰਘ, ਰਮੇਸ਼ ਸਿੰਘ, ਅੰਮ੍ਰਿਤਪਾਲ ਸਿੰਘ ਵਾਸੀ ਪੰਜਾਬ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ‘ਚ ਦਾਖ਼ਲ ਹੋਏ ਅਤੇ ਮੇਰੇ ਪਿਤਾ ਅਤੇ ਚਾਚੇ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦਾ ਪਿਤਾ ਤੇ ਚਾਚਾ ਗੰਭੀਰ ਜ਼ਖ਼ਮੀ ਹੋ ਗਏ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਗੁਰਮੀਤ ਰਾਮ ਤੇ ਮਨਜੀਤ ਰਾਮ ਸਰਕਾਰੀ ਹਸਪਤਾਲ ਲੰਬੀ ਵਿਖੇ ਦਾਖ਼ਲ ਸਨ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰ ਨੇ ਦੋਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸ ਦੇ ਪਿਤਾ ਗੁਰਮੀਤ ਰਾਮ ਦੀ ਮੌਤ ਹੋ ਗਈ।
ਥਾਣਾ ਲੰਬੀ ਦੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਉਪਰੋਕਤ 14 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਦਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਡੀਐਸਪੀ ਫਤਿਹ ਸਿੰਘ ਬਰਾੜ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੰਦਿਆਂ ਕਿਹਾ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ‘ਆਪ’ ਆਗੂਆਂ ਦੇ ਦੋ ਸਕੇ ਭਰਾਵਾਂ ਨੂੰ ਵੀ ਨਾਮਜ਼ਦ ਕੀਤਾ ਹੈ।