The Khalas Tv Blog Punjab ਪੰਜਾਬ ਦੇ ਇਸ ਅਧਿਆਪਕ ਨੇ ਸਭ ਤੋਂ ਸਸਤਾ ਸਾਉਂਡ ਸਿਸਟਮ ਕੀਤਾ ਤਿਆਰ, ਭਾਰਤ ਸਰਕਾਰ ਵੱਲੋਂ “ਨੈਸ਼ਨਲ ਅਧਿਆਪਕ ਐਵਾਰਡ” ਲਈ ਚੁਣਿਆ
Punjab

ਪੰਜਾਬ ਦੇ ਇਸ ਅਧਿਆਪਕ ਨੇ ਸਭ ਤੋਂ ਸਸਤਾ ਸਾਉਂਡ ਸਿਸਟਮ ਕੀਤਾ ਤਿਆਰ, ਭਾਰਤ ਸਰਕਾਰ ਵੱਲੋਂ “ਨੈਸ਼ਨਲ ਅਧਿਆਪਕ ਐਵਾਰਡ” ਲਈ ਚੁਣਿਆ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾਂ ਫਰੀਦਕੋਟ ਵਿਖੇ ਪਿੰਡ ਵਾੜਾ ਭਾਈਕੇ ਦੇ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਨੂੰ ਭਾਰਤ ਸਰਕਾਰ ਵੱਲੋਂ “ਨੈਸ਼ਨਲ ਅਧਿਆਪਕ ਐਵਾਰਡ-2020” ਲਈ ਚੁਣਿਆ ਗਿਆ ਹੈ। ਦੇਸ਼ ਭਰ ‘ਚੋਂ ਇਸ ਐਵਾਰਡ ਲਈ ਚੁਣੇ ਗਏ 47 ਅਧਿਆਪਕਾਂ ਵਿੱਚੋਂ ਪੰਜਾਬ ਦੇ ਇਕਲੌਤਾ ਅਧਿਆਪਕ ਰਾਜਿੰਦਰ ਕੁਮਾਰ ਨੂੰ ਚੁਣਿਆ ਹੈ।

ਰਾਜਿੰਦਰ ਕੁਮਾਰ ਨੇ ਸਾਲ 2008 ‘ਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ, ਅਤ ਉਨ੍ਹਾਂ ਨੇ ਫਿਜ਼ਿਕਸ ‘ਚ M.Sc ਤੇ B.Ed ਕੀਤੀ ਹੋਈ ਹੈ। ਆਪਣੀਆਂ ਸ਼ਾਨਦਾਰ ਸੇਵਾਵਾਂ ਕਰਕੇ ਅਧਿਆਪਕ ਰਾਜਿੰਦਰ ਕੁਮਾਰ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਤੋਂ ਸਟੇਟ ਐਵਾਰਡ ਹਾਸਲ ਕਰ ਚੁੱਕੇ ਹਨ। ਇਸ ਅਧਿਆਪਕ ਨੇ ਵਾੜਾ ਭਾਈਕੇ ਸਕੂਲ ਨੂੰ ਚਾਰ ਚੰਨ ਲਾਏ ਹਨ। ਰਾਜਿੰਦਰ ਕੁਮਾਰ ਦੀ ਪਤਨੀ ਹਰਿੰਦਰ ਕੌਰ ਨੇ ਵੀ M.Sc ਫਿਜ਼ਿਕਸ ਤੇ B.ed ਕੀਤੀ ਹੋਈ ਹੈ ਅਤੇ ਉਹ ਵੀ ਵਾੜਾ ਭਾਈਕਾ ਸਕੂਲ ‘ਚ ਹੀ ਤਾਇਨਾਤ ਹੈ।

ਅਧਿਆਪਕ ਰਾਜਿੰਦਰ ਕੁਮਾਰ ਨੇ ਸਕੂਲ ‘ਚ ਇੱਕ ਸਾਊਂਡ ਸਿਸਟਮ ਤਿਆਰ ਕੀਤਾ ਹੈ, ਜਿਸ ਦੀ ਬਾਜ਼ਾਰ ‘ਚ ਕੀਮਤ 40 ਹਜਾਰ ਰੁਪਏ ਹੈ ਪਰ ਰਾਜਿੰਦਰ ਕੁਮਾਰ ਨੇ ਇਹ ਪ੍ਰਾਜੈਕਟ ਸਿਰਫ਼ 1500 ਰੁਪਏ ‘ਚ ਤਿਆਰ ਕੀਤਾ ਹੈ। ਰਜਿੰਦਰ ਦੀ ਇਸ ਤਕਨੀਕ ਨਾਲ ਅਧਿਆਪਕ ਇੱਕ ਕਮਰੇ ਵਿੱਚ ਬੈਠ ਕੇ ਸਕੂਲ ਦੇ ਸਾਰੀਆਂ ਕਲਾਸਾਂ ਨੂੰ ਸੰਬੋਧਨ ਕਰ ਸਕਦਾ ਹੈ। ਇਸ ਅਧਿਆਪਕ ਵੱਲੋਂ ਇੱਕ ਲਿਸਨਿੰਗ ਲੈਬ ਵੀ ਤਿਆਰ ਕੀਤੀ ਗਈ ਸੀ, ਜਿਸ ਦੀ ਕੀਮਤ ਬਾਜ਼ਾਰ ‘ਚ 35 ਹਜ਼ਾਰ ਰੁਪਏ ਹੈ ਪਰ ਉਸ ਨੇ ਇਹ ਸਿਰਫ਼ 1200 ਰੁਪਏ ਵਿੱਚ ਤਿਆਰ ਕੀਤੀ ਹੈ।

ਰਾਜਿੰਦਰ ਤੇ ਉਸ ਦੀ ਪਤਨੀ ਨੂੰ ਸਾਇੰਸ ਅਧਿਆਪਕ ਵਜੋਂ ਦੋ ਵਾਰ ਤਰੱਕੀ ਮਿਲੀ ਪਰ ਉਨ੍ਹਾਂ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ, ਅਤੇ ਪ੍ਰਾਇਮਰੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਾਇਮਰੀ ਸਕੂਲ ‘ਚ ਹੀ ਰਹਿਣ ਦਾ ਫੈਸਲਾ ਕੀਤਾ। ਇਸ ਅਧਿਆਪਕ ਦੇ ਸਕੂਲ ਵਿੱਚ ਇਸ ਵੇਲੇ ਸੱਤ ਪਿੰਡਾਂ ਦੇ ਬੱਚੇ ਪੜਣ ਲਈ ਆਉਂਦੇ ਹਨ। ਰਾਜਿੰਦਰ ਕੁਮਾਰ ਅਧਿਆਪਕ ਅਧੀਨ ਚੱਲ ਰਹੇ ਪ੍ਰਾਇਮਰੀ ਸਕੂਲ ਦੀ ਦਿੱਖ ਤੇ ਪ੍ਰਬੰਧ ਬੇਹੱਦ ਵਿਲੱਖਣ ਹਨ।

ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਇਸ ਸਕੂਲ ਦਾ ਦੌਰਾ ਕਰ ਚੁੱਕੇ ਹਨ, ਅਤੇ ਅਧਿਆਪਕ ਰਾਜਿੰਦਰ ਕੁਮਾਰ ਨੂੰ ਸੂਬਾ ਪੱਧਰੀ ਸਮਾਗਮਾਂ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਨੇ ਦੱਸਿਆ ਕਿ ਕੋਵਿਡ-19 ਕਰਕੇ ਰਾਜਿੰਦਰ ਕੁਮਾਰ ਦਾ ਸਨਮਾਨ ਭਾਰਤ ਸਰਕਾਰ ਵੱਲੋਂ ਵੈੱਬਨਾਰ ਰਾਹੀਂ ਕੀਤਾ ਜਾਵੇਗਾ ਤੇ ਐਵਾਰਡ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਦਿੱਤਾ ਜਾਵੇਗਾ।

Exit mobile version