The Khalas Tv Blog India ਚੋਣ ਕਮਿਸ਼ਨ ਨੇ ‘ਆਪ’ ਦੇ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਵੋਟ’ ਤੇ ਇਤਰਾਜ਼ ਜਤਾਇਆ
India Lok Sabha Election 2024

ਚੋਣ ਕਮਿਸ਼ਨ ਨੇ ‘ਆਪ’ ਦੇ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਵੋਟ’ ਤੇ ਇਤਰਾਜ਼ ਜਤਾਇਆ

ਦਿੱਲੀ : ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (ਆਪ) ਨੂੰ ਆਪਣੇ ਲੋਕ ਸਭਾ ਚੋਣ ਪ੍ਰਚਾਰ ਗੀਤ ਦੀ ਸਮੱਗਰੀ ਬਦਲਣ ਦੇ ਹੁਕਮ ਦਿੱਤੇ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਗੀਤ ‘ਚ ਨਾਅਰੇਬਾਜ਼ੀ ‘ਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਾਰ-ਵਾਰ ਜ਼ਿਕਰ ਕਰਨਾ ਨਿਆਂਪਾਲਿਕਾ ‘ਤੇ ਸ਼ੱਕ ਪੈਦਾ ਕਰਦਾ ਹੈ। ਜੋ ਕਿ ਇਸਦੇ ਦਿਸ਼ਾ-ਨਿਰਦੇਸ਼ਾਂ ਅਤੇ ਵਿਗਿਆਪਨ ਸੰਹਿਤਾ ਦੇ ਉਪਬੰਧਾਂ ਦੀ ਉਲੰਘਣਾ ਹੈ। ਚੋਣ ਕਮਿਸ਼ਨ ਨੇ ਦਿੱਲੀ ਦੀ ਸੱਤਾਧਾਰੀ ਪਾਰਟੀ ਨੂੰ ਜ਼ਰੂਰੀ ਬਦਲਾਅ ਕਰਨ ਤੋਂ ਬਾਅਦ ਚੋਣ ਗੀਤ ਨੂੰ ਪ੍ਰਮਾਣੀਕਰਣ ਲਈ ਦੁਬਾਰਾ ਜਮ੍ਹਾਂ ਕਰਨ ਲਈ ਕਿਹਾ ਹੈ।

ਚੋਣ ਪੈਨਲ ਨੇ ਕਿਹਾ ਕਿ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ” ਵਾਕੰਸ਼ ਇੱਕ ਹਮਲਾਵਰ ਭੀੜ ਨੂੰ ਦਰਸਾਉਂਦਾ ਹੈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਦੀ ਸਲਾਖਾਂ ਪਿੱਛੇ ਖੜ੍ਹੇ ਹੋਣ ਦੀ ਫੋਟੋ ਨੂੰ ਦਿਖਾਇਆ ਗਿਆ ਹੈ ਅਤੇ ਇਹ ਨਿਆਂਪਾਲਿਕਾ ’ਤੇ ਨੁਕਤਾਚੀਨੀ ਕਰਦਾ ਹੈ। ਇਸ ਤੋਂ ਇਲਾਵਾ ਇਹ ਵਾਕ ਇਸ਼ਤਿਹਾਰ ਵਿੱਚ ਕਈ ਵਾਰ ਪ੍ਰਗਟ ਹੁੰਦਾ ਹੈ, ਜੋ ਕੇਬਲ ਟੈਲੀਵਿਜ਼ਨ ਨੈਟਵਰਕ ਨਿਯਮ, 1994 ਤਹਿਤ ਨਿਰਧਾਰਤ ਪ੍ਰੋਗਰਾਮ ਅਤੇ ਵਿਗਿਆਪਨ ਕੋਡ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮ 6(1(ਜੀ) ਦੇ ਉਪਬੰਧਾਂ ਦੀ ਉਲੰਘਣਾ ਕਰਦਾ ਹੈ। ਪੈਨਲ ਨੇ ‘ਆਪ’ ਨੂੰ ਕਿਹਾ ਕਿ ਉਹ ਲੋੜੀਂਦੀਆਂ ਤਬਦੀਲੀਆਂ ਕਰਨ ਮਗਰੋਂ ਗੀਤ ਨੂੰ ਪ੍ਰਮਾਣੀਕਰਨ ਲਈ ਜਮ੍ਹਾਂ ਕਰਾਉਣ।

ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਭਾਜਪਾ ਦਾ ਸਿਆਸੀ ਹਥਿਆਰ ਬਣ ਚੁੱਕੇ ਚੋਣ ਕਮਿਸ਼ਨ ਨੇ ‘ਆਪ’ ਦੇ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ’ਤੇ ਪਾਬੰਦੀ ਲਾ ਦਿੱਤੀ ਹੈ। ਆਤਿਸ਼ੀ ਨੇ ਕਿਹਾ ਕਿ ਇਹ ਤਾਨਾਸ਼ਾਹੀ ਸਰਕਾਰ ’ਚ ਹੀ ਹੁੰਦਾ ਹੈ ਕਿ ਵਿਰੋਧੀ ਧਿਰ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਪ੍ਰਚਾਰ ਕਰਨ ਤੋਂ ਵੀ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਪ੍ਰਚਾਰ ਗੀਤਾਂ ’ਤੇ ਪਾਬੰਦੀ ਨਾਲ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਤਾਨਾਸ਼ਾਹੀ ਹੋਣ ਦਾ ਇੱਕ ਹੋਰ ਸਬੂਤ ਦੇਸ਼ ਦੇ ਸਾਹਮਣੇ ਆ ਗਿਆ ਹੈ।’’

ਆਤਿਸ਼ੀ ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਤੋਂ ਡਰਦੇ ਹਨ। ਸਭ ਤੋਂ ਪਹਿਲਾਂ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਕਿ ਉਹ ਲੋਕ ਸਭਾ ਚੋਣਾਂ ’ਚ ਪ੍ਰਚਾਰ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਤਾਨਾਸ਼ਾਹੀ ਸਰਕਾਰ ’ਚ ਹੀ ਹੁੰਦਾ ਹੈ ਜਿੱਥੇ ਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹਾਂ ’ਚ ਡੱਕ ਦਿੱਤਾ ਜਾਂਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾਂਦਾ ਹੈ।

ਆਤਿਸ਼ੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇੱਕ ਪੱਤਰ ਰਾਹੀਂ ‘ਆਪ’ ਦੇ ਪ੍ਰਚਾਰ ਗੀਤ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਕਿ ਚੋਣ ਕਮਿਸ਼ਨ ਨੇ ਕਿਸੇ ਵੀ ਪਾਰਟੀ ਦੇ ਪ੍ਰਚਾਰ ਗੀਤ ’ਤੇ ਪਾਬੰਦੀ ਲਗਾ ਦਿੱਤੀ ਹੋਵੇਗੀ, ਇਹ ਉਹੀ ਚੋਣ ਕਮਿਸ਼ਨ ਹੈ, ਜੋ ਇਹ ਨਹੀਂ ਦੇਖਦਾ ਕਿ ਭਾਜਪਾ ਹਰ ਰੋਜ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ। ਉਨ੍ਹਾਂ ਕਿਹਾ, ‘‘ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ਗੀਤ ਵਿੱਚ ਕਿਤੇ ਵੀ ਭਾਜਪਾ ਦਾ ਨਾਮ ਨਹੀਂ ਹੈ ਪਰ ਭਾਰਤ ਦਾ ਚੋਣ ਕਮਿਸ਼ਨ ਕਹਿੰਦਾ ਹੈ ਕਿ ਜੇ ਤੁਸੀਂ ਤਾਨਾਸ਼ਾਹ ਦੀ ਗੱਲ ਕਰਦੇ ਹੋ ਤਾਂ ਇਹ ਸੱਤਾਧਾਰੀ ਪਾਰਟੀ ਦੀ ਆਲੋਚਨਾ ਹੈ। ਇਸ ਦਾ ਮਤਲਬ ਭਾਰਤ ਦਾ ਚੋਣ ਕਮਿਸ਼ਨ ਖੁਦ ਮੰਨਦਾ ਹੈ ਕਿ ਭਾਜਪਾ ਇਸ ਦੇਸ਼ ਵਿੱਚ ਤਾਨਾਸ਼ਾਹੀ ਚਲਾ ਰਹੀ ਹੈ।’’

ਸੁਪਰੀਮ ਕੋਰਟ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ’ਤੇ ਅੱਜ 29 ਅਪਰੈਲ ਨੂੰ ਸੁਣਵਾਈ ਕਰੇਗਾ ਜਿਸ ਵਿੱਚ ਉਨ੍ਹਾਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦਾ ਬੈਂਚ ਇਸ ਮਾਮਲੇ ’ਤੇ ਸੁਣਵਾਈ ਕਰ ਸਕਦਾ ਹੈ। ਕੇਜਰੀਵਾਲ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਇਸ ਕੇਸ ’ਚ ਉਨ੍ਹਾਂ ਦੀ ‘ਗੈਰਕਾਨੂੰਨੀ ਗ੍ਰਿਫ਼ਤਾਰੀ’ ਆਜ਼ਾਦ ਤੇ ਨਿਰਪੱਖ ਚੋਣਾਂ ਅਤੇ ਲੋਕਤੰਤਰ ਦੇ ਸਿਧਾਤਾਂ ’ਤੇ ਵੱਡਾ ਹਮਲਾ ਹੈ। ਇਸ ਮਾਮਲੇ ’ਚ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਦਾਇਰ ਈਡੀ ਦੇ ਜਵਾਬੀ ਹਲਫ਼ਨਾਮੇ ਦੇ ਜਵਾਬ ’ਚ ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਤਰੀਕੇ ਤੇ ਸਮੇਂ ਤੋਂ ਏਜੰਸੀ ਦੀ ‘ਮਨਮਰਜ਼ੀ’ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ।

 

Exit mobile version