The Khalas Tv Blog Punjab ਚੋਣ ਕਮਿਸ਼ਨ ਵੱਲੋਂ ਵੋਟਾਂ ਲਈ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ
Punjab

ਚੋਣ ਕਮਿਸ਼ਨ ਵੱਲੋਂ ਵੋਟਾਂ ਲਈ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਚੋਣ ਦਫ਼ਤਰ ਵੱਲੋਂ ਭਲਕ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਾਂ ਦਾ ਕੰਮ ਯੋਜਨਾਬੱਧ ਢੰਗ ਨਾਲ ਸਿਰੇ ਚੜਾਉਣ ਲਈ ਸੂਬੇ ਭਰ ਵਿੱਚ 24 ਹਜ਼ਾਰ 740 ਪੋਲਿੰਗ ਬੂਥ ਬਣਾਏ ਗਏ ਹਨ। ਭਲਕ ਨੂੰ ਦੋ ਕਰੋੜ 14 ਲੱਖ ਤੋਂ ਵੱਧ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ। ਵਿਸ਼ੇਸ਼ ਵਰਗ ਦੇ ਵੋਟਰਾਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ ਪੋਲਿੰਗ ਸਟੇਸ਼ਨਾਂ ਨੂੰ ਵਿਆਹ ਵਾਲੇ ਘਰਾਂ ਦੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਵੋਟਰਾਂ ਦੇ ਖਾਣ-ਪੀਣ ਅਤੇ ਬੈਠਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਵੋਟਾਂ ਪੈਣ ਦਾ ਸਮਾਂ ਪਿਛਲੀ ਵਾਰ ਨਾਲੋਂ ਇੱਕ ਘੰਟਾ ਵੱਧ ਸਵੇਰੇ ਅੱਠ ਤੋਂ ਸ਼ਾਮ ਪੰਜ ਵਜੇ ਤੱਕ ਹੋਵੇਗਾ। ਨਤੀਜੇ ਦਾ ਐਲਾਨ 10 ਮਾਰਚ ਨੂੰ ਕੀਤਾ ਜਾਵੇਗਾ। ਮੁੱਖ ਚੋਣ ਅਫ਼ਸਰ ਐੱਸ ਕਰੁਣਾ ਰਾਜੂ ਨੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੋਟਾਂ ਨੂੰ ਅਮਨ ਸ਼ਾਂਤੀ ਨਾਲ ਸਿਰੇ ਚੜਾਉਣ ਦਾ ਦਾਅਵਾ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਵੋਟਾਂ ਪਾਉਣ ਲਈ 14 ਹਜ਼ਾਰ 684 ਥਾਂਵਾਂ ‘ਤੇ ਕੁੱਲ 24 ਹਜ਼ਾਰ 740 ਪੋਲਿੰਗ ਬੂਥ ਬਣਾਏ ਗਏ ਹਨ। ਕਈ ਕਸਬਿਆਂ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 4 ਤੋਂ 6 ਰੱਖੀ ਗਈ ਹੈ। ਇਹਨਾਂ ਵਿੱਚੋਂ 2013 ਸੰਵੇਦਨਸ਼ੀਲ ਬੂਥ ਹਨ ਤੇ 196 ਪਿੰਕ ਪੋਲਿੰਗ ਬੂਥ ਹਨ। ਉਨ੍ਹਾਂ ਨੇ ਦੱਸਿਆ ਕਿ ਪਿੰਕ ਪੋਲਿੰਗ ਬੂਥ ਵਿੱਚ ਸਮੁੱਚਾ ਮਹਿਲਾ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਸਮੁੱਚੀ ਪੋਲਿੰਗ ਪ੍ਰਕਿਰਿਆ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ ਇੱਕ ਨਵੀਂ ਪਹਿਲਕਦਮੀ ਹੈ। ਹਰੇਕ ਵਿਧਾਨ ਸਭਾ ਹਲਕੇ ਵਿੱਚ ਦੋ ਪਿੰਕ ਪੋਲਿੰਗ ਬੂਥ ਹੋਣਗੇ ਤੇ ਇਹਨਾਂ ਦੀ ਖਾਸੀਅਤ ਇਹ ਹੋਵੇਗੀ ਕਿ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਇਨ੍ਹਾਂ ਪਿੰਕ ਪੋਲਿੰਗ ਬੂਥਾਂ ਦਾ ਪ੍ਰਬੰਧ ਸਿਰਫ਼ ਮਹਿਲਾ ਟੀਮਾਂ ਵੱਲੋਂ ਹੀ ਕੀਤਾ ਜਾਵੇਗਾ। ਅਜਿਹੇ ਪੋਲਿੰਗ ਬੂਥਾਂ ‘ਤੇ ਪੋਲਿੰਗ ਸਟਾਫ਼, ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਦਾ ਹੀ ਹੋਵੇਗਾ। ਪੋਲਿੰਗ ਬੂਥਾਂ ਨੂੰ ਗੁਲਾਬੀ ਡਿਜ਼ਾਇਨ, ਜਿਸ ਵਿੱਚ ਗੁਲਾਬੀ ਕੰਧਾਂ ਅਤੇ ਟੇਬਲ ਕਵਰ ਸ਼ਾਮਲ ਹਨ, ਦੁਆਰਾ ਨਿਵੇਕਲਾਪਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਪਾਹਿਜ ਵੋਟਰਾਂ ਲਈ 70 ਪੋਲਿੰਗ ਬੂਥ ਹਨ। ਕਰੋਨਾ ਮਰੀਜਾਂ ਤੇ ਬਜੁਰਗਾਂ ਲਈ ਵੋਟ ਪਾਉਣ ਦਾ ਖਾਸ ਪ੍ਰਬੰਧ ਹੋਵੇਗਾ। ਪੋਲਿੰਗ ਬੂਥਾਂ ਤੇ ਆਂਗਣਵਾੜੀ ਤੇ ਆਸ਼ਾ ਵਰਕਰਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ।

ਚੋਣ ਕਮਿਸ਼ਨ ਦੀ ਅਪੀਲ ‘ਤੇ ਹੁਣ ਤੱਕ ਸੂਬੇ ਵਿੱਚ 3.9 ਲੱਖ ਅਸਲਾ ਲਾਈਸੈਂਸ ਹਨ ਅਤੇ ਇਨ੍ਹਾਂ ਵਿੱਚੋਂ 3.79 ਲੱਖ ਅਸਲਾ ਜਮਾਂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸੁਰੱਖਿਆ ਯਕੀਨੀ ਬਣਾਉਣ ਲਈ ਵੱਖ-ਵੱਖ ਥਾਂਵਾਂ ‘ਤੇ 171 ਨਾਕੇ ਵੀ ਲਗਾਏ ਹੋਏ ਹਨ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਖ਼ਾਸ ਹਲਕਿਆਂ ਵਿੱਚ ਉਮੀਦਵਾਰਾਂ ਦੀ ਸੁਰੱਖਿਆ ਵੀ ਵਧਾਈ ਗਈ ਹੈ। ਦਾਗੀ ਉਮੀਦਵਾਰਾਂ ਸੰਬੰਧੀ ਸਵਾਲ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਇਸ ਸੰਬੰਧੀ ਪਟਿਆਲਾ ਅਤੇ ਮਲੇਰਕੋਟਲਾ ਤੋਂ ਦੋ ਉਮੀਦਵਾਰਾਂ ਦਾ ਵੇਰਵਾ ਸਾਡੇ ਕੋਲ ਆਇਆ ਹੈ, ਜਿਨ੍ਹਾਂ ਉੱਤੇ ਭਗੌੜੇ ਹੋਣ ਦੀ ਜਾਣਕਾਰੀ ਲੁਕਾਉਣ ਦਾ ਦੋਸ਼ ਲੱਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਸੰਬੰਧੀ ਸ਼ਿਕਾਇਤ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਨੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਇੱਕ ਹੋਰ ਸਿਆਸੀ ਪਾਰਟੀ ਦੇ ਉਮੀਦਵਾਰ ਖਿਲਾਫ਼ ਸ਼ਿਕਾਇਤ ਕਰਤਾ ਨੂੰ ਧਮਕਾਉਣ ਦੇ ਮਾਮਲੇ ‘ਤੇ ਚੋਣ ਕਮਿਸ਼ਨ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਵਾਰ ਵੋਟਾਂ ਦੇ ਦਿਨ ਨਵੇਂ ਵੋਟਰਾਂ ਦਾ ਸਵਾਗਤ ਕਰਨ ਲਈ ਫੁੱਲਾਂ ਦਾ ਖ਼ਾਸ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵੋਟ ਪਾਉਣ ਵੇਲੇ ਕਿਸੇ ਵੀ ਵੋਟਰ ਦਾ ਕੋਵਿਡ ਟੀਕਾਕਰਨ ਦਾ ਸਰਟੀਫਿਕੇਟ ਵੇਖਣ ਲਈ ਨਹੀਂ ਕਿਹਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਵੋਟ ਪਾਉਣ ਵੇਲੇ ਟੀਕਾਕਰਨ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੋਵੇਗੀ। ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਪਾਸ ਵੋਟਰ ਨੂੰ ਪਾਸਪੋਰਟ ਸਮੇਤ 10 ਹੋਰ ਵੱਖ-ਵੱਖ ਤਰ੍ਹਾਂ ਦੇ ਸ਼ਨਾਖਤੀ ਕਾਰਡ ਦਿਖਾਉਣ ਦੀ ਛੋਟ ਦਿੱਤੀ ਗਈ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਮਿਸ਼ਨ ਦੀਆਂ ਟੀਮਾਂ ਵੱਲੋਂ ਹੁਣ ਤੱਕ ਵੋਟਾਂ ਤੋਂ ਪਹਿਲਾਂ ਕਰੀਬ 500 ਕਰੋੜ ਦਾ ਸਮਾਨ ਜ਼ਬਤ ਕੀਤਾ ਜਾ ਚੁੱਕਾ ਹੈ ਜਿਸ ਵਿੱਚ 35 ਕਰੋੜ ਦੀ ਸ਼ਰਾਬ ਸ਼ਾਮਿਲ ਹੈ। ਵੋਟਾਂ ਵਾਲੇ ਦਿਨ ਨੂੰ ਚੋਣ ਕਮਿਸ਼ਨ ਨੇ ਡਰਾਈ ਡੇਅ ਐਲਾਨਿਆ ਹੈ ਅਤੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਸ਼ਰਾਬ ਦੇ ਠੇਕੇ ਬੰਦ ਰਹਿਣਗੇ।

ਕਿਹੜੇ ਦਸਤਾਵੇਜ਼ ਦਿਖਾ ਸਕਦੇ ਹਨ ਵੋਟਰ ?

  • ਆਧਾਰ ਕਾਰਡ
  • ਮਨਰੇਗਾ ਕਾਰਡ
  • ਫੋਟੋ ਸਮੇਤ ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ
  • ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ
  • ਡਰਾਈਵਿੰਗ ਲਾਇਸੈਂਸ
  • ਪੈਨ ਕਾਰਡ
  • ਐਨਪੀਆਰ ਤਹਿਤ ਜਾਰੀ ਕੀਤਾ ਗਿਆ ਸਮਾਰਟ ਕਾਰਡ
  • ਭਾਰਤੀ ਪਾਸਪੋਰਟ
  • ਫੋਟੋ ਵਾਲੇ ਪੈਨਸ਼ਨ ਦਸਤਾਵੇਜ਼
  • ਨੌਕਰੀ ਵਾਲੇ ਫੋਟੋ ਆਈ.ਡੀ ਕਾਰਡ
  • ਸੰਸਦ ਮੈਂਬਰਾਂ,ਵਿਧਾਇਕਾਂ ਤੇ ਐਮ.ਐਲ.ਸੀ ਨੂੰ ਜਾਰੀ ਕੀਤੇ ਅਧਿਕਾਰਤ ਪਛਾਣ ਪੱਤਰ
  • ਭਾਰਤ ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲੇ ਵਲੋਂ ਜਾਰੀ ਯੂਨੀਕ ਡਿਸਅਬਿਲਟੀ ਆਈਡੀ
Exit mobile version