ਪੰਜਾਬ ‘ਚ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦਾ ਪ੍ਰਚਾਰ ਹੁਣ ਆਖਿਰੀ ਦੌਰ ‘ਚ ਹੈ ਤੇ ਸਿਆਸੀ ਪਾਰਟੀਆਂ ਨੇ ਹੁਣ ਆਪਣੀ ਪੂਰੀ ਵਾਹ ਲਗਾ ਦਿੱਤੀ ਹੈ। ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੰਬੇਵਾਲ ‘ਚ ਅੱਜ, ਸੋਮਵਾਰ ਨੂੰ ਚੋਣ ਪ੍ਰਚਾਰ ਦਾ ਆਖਿਰੀ ਦਿਨ ਹੈ ਤੇ ਇਨ੍ਹਾਂ ਸੀਟਾਂ ‘ਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ।
ਜ਼ਿਮਨੀ ਚੋਣਾਂ ਨੂੰ ਜਿੱਤਣ ਦੇ ਲਈ ਹਰ ਇੱਕ ਪਾਰਟੀ ਆਪੋ ਆਪਣੀ ਤਾਕਤ ਲਗਾ ਰਹੀਆਂ ਹਨ। ਆਮ ਆਦਮੀ ਪਾਰਟੀ (ਆਪ) ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ‘ਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਈ। ਲੋਕ ਸਭਾ ਸਾਂਸਦ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਤੋਂ ਆਪਣੀ ਪਤਨੀ ਲਈ ਚੋਣ ਪ੍ਰਚਾਰ ਵਿੱਚ ਦਮ ਲਗਾਉਂਦੇ ਨਜ਼ਰ ਆਏ। ਇਸ ਤੋਂ ਇਲਾਵਾ ਕਾਂਗਰਸ ਦੇ ਜਲੰਧਰ ਦੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਉਮੀਦਵਾਰਾਂ ਲਈ ਸਿਆਸੀ ਜ਼ੋਹਰ ਦਿਖਾਉਂਦੇ ਨਜ਼ਰ ਆਏ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਮ ਸਿੰਘ ਬਾਜਵਾ ਵੀ ਚੋਣ ਮੈਦਾਨ ‘ਚ ਉਤਰੇ ਨਜ਼ਰ ਆਏ। ਭਾਜਪਾ ਵੱਲੋਂ ਵੀ ਕੋਈ ਵੱਡਾ ਚਿਹਰਾ ਚੋਣ ਮੈਦਾਨ ‘ਚ ਉਤਰਦਾ ਨਜ਼ਰ ਨਹੀਂ ਆਇਆ ਹੈ। ਕਾਂਗਰਸ ਸਰਕਾਰ ਦੌਰਾਨ ਪੰਜਾਬ ਦੇ ਖਜ਼ਾਨਾ ਮੰਤਰੀ ਤੇ ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕਾਫੀ ਸਰਗਰਮ ਨਜ਼ਰ ਆਏ ਹਨ। ਉਨ੍ਹਾਂ ਦੀ ਇਸ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋਈ, ਜਿਸ ‘ਚ ਉਹ ਲੋਕਾਂ ਨੂੰ ਨੌਕਰੀ ਦਾ ਵਾਅਦਾ ਕਰਦੇ ਨਜ਼ਰ ਆ ਰਹੇ ਸਨ, ਜਿਸ ‘ਤੇ ਵਿਵਾਦ ਵੀ ਖੜ੍ਹਾ ਹੋਇਆ ਸੀ।
ਇੱਥੇ ਹੀ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਨਾ ਲੜ੍ਹਨ ਦਾ ਫੈਸਲਾ ਲਿਆ ਸੀ।
ਕੁੱਲ 45 ਉਮੀਦਵਾਰ ਚੋਣ ਮੈਦਾਨ ‘ਚ
ਚਾਰ ਵਿਧਾਨ ਸਭਾ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ‘ਚ ਕੁੱਲ 45 ਉਮੀਦਵਾਰ ਹਿੱਸਾ ਲੈ ਰਹੇ ਹਨ। ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਤੋਂ ਸਭ ਤੋਂ ਜ਼ਿਆਦਾ ਉਮੀਦਵਾਰ 14-14 ਮੈਦਾਨ ‘ਚ ਹਨ, ਜਦਿਕ ਬਰਨਾਲਾ ਚ 11 ਉਮੀਦਵਾਰ ਚੋਣ ਲੜ ਰਹੇ ਹਨ। ਚੱਬੇਵਾਲ ਤੋਂ ਸਭ ਤੋਂ ਘੱਟ 6 ਉਮੀਦਵਾਰ ਚੋਣ ਮੈਦਾਨ ‘ਚ ਹਨ।
ਇਨ੍ਹਾਂ 4 ਹਲਕਿਆਂ ਵਿਚ 4200 ਤੋਂ ਵੱਧ ਸਿਵਲ ਪੋਲਿੰਗ ਸਟਾਫ਼ ਲਗਾਇਆ ਹੈ ਜੋ ਮੰਗਲਵਾਰ ਸ਼ਾਮ 19 ਨਵੰਬਰ ਨੂੰ ਹੀ ਆਪੋ ਅਪਣੇ ਬੂਥਾਂ ’ਤੇ ਪਹੁੰਚ ਜਾਵੇਗਾ ਅਤੇ ਵੋਟਾਂ ਪਾਉਣ ਦੀ ਪ੍ਰਕਿਰਿਆ ਬੁਧਵਾਰ 20 ਨਵੰਬਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚਲੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।