The Khalas Tv Blog Punjab ‘ਇੱਕ ਰੁਪਏ ਦਾ ਰਵਾਦਾਰ ਹੋਇਆ ਤਾਂ ਪੰਜਾਬੀਆਂ ਦੀਆਂ ਜੁੱਤੀਆਂ, ਭਗਵੰਤ ਦਾ ਸਿਰ’
Punjab

‘ਇੱਕ ਰੁਪਏ ਦਾ ਰਵਾਦਾਰ ਹੋਇਆ ਤਾਂ ਪੰਜਾਬੀਆਂ ਦੀਆਂ ਜੁੱਤੀਆਂ, ਭਗਵੰਤ ਦਾ ਸਿਰ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਰ੍ਹਦੇ ਮੀਂਹ ਦੀ ਪਰਵਾਹ ਨਾ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰਾਂ ਨੇ ਖੁੱਲ੍ਹ ਕੇ ਪ੍ਰਚਾਰ ਕੀਤਾ। ਵੱਖ ਵੱਖ ਪਾਰਟੀ ਦੇ ਉਮੀਦਵਾਰਾਂ ਨੇ ਲੋਕਾਂ ਤੋਂ ਵੋਟਾਂ ਮੰਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੋ ਦਿਨਾਂ ਸੰਗਰੂਰ ਫੇਰੀ ਤੋਂ ਬਾਅਦ ਚੋਣ ਮੁਹਿੰਮ ਹੋਰ ਭਖ ਗਈ ਹੈ। ਅੱਜ ਮੀਂਹ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਅੱਜ ਰੋਡ ਸ਼ੋਅ ਕੱਢਿਆ।

ਭਗਵੰਤ ਮਾਨ ਵੱਲੋਂ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਨ ਵੇਲੇ ਵਿਰੋਧੀ ਧਿਰ ਨੂੰ ਚੰਗੇ ਰਗੜੇ ਲਾਏ ਗਏ ਅਤੇ ਕਈ ਸਿਆਸੀ ਲੀਡਰਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ। ਭ੍ਰਿਸ਼ਟਾਚਾਰੀ ਲੀਡਰਾਂ ਨੂੰ ਉਨ੍ਹਾਂ ਨੇ ਤਾੜਨਾ ਕਰਦਿਆਂ ਕਿਹਾ ਕਿ ਕਈਆਂ ਦੀ ਵਾਰੀ ਲੱਗ ਚੁੱਕੀ ਹੈ ਅਤੇ ਹੋਰ ਤਿਆਰ ਰਹਿਣ। ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਨੂੰ ਕੰਮ ਕਰਨ ਲਈ ਮੌਕਾ ਦਿੱਤਾ ਜਾਵੇ। ਉਨ੍ਹਾਂ ਨੇ ਪੁਰਾਣੇ ਅਦਾਕਾਰ ਵਾਲੇ ਦਿਨਾਂ ਦੇ ਮਜ਼ਾਹੀਆ ਲਹਿਜ਼ੇ ਵਿੱਚ ਕਿਹਾ ਕਿ ਬੱਚੇ ਨੂੰ ਦੰਦੀਆਂ ਕੱਢਣ ਲਈ ਤਿੰਨ ਮਹੀਨੇ ਲੱਗ ਜਾਂਦੇ ਹਨ ਪਰ ਉਹਨਾਂ ਨੇ ਕਈਆਂ ਨੂੰ ਤਾਂ ਬੁਰਕੇ ਭਰ ਭਰ ਵੱਢ ਖਾਧਾ ਹੈ।

ਉਨ੍ਹਾਂ ਨੇ ਨਾਲ ਹੀ ਚੁਣੌਤੀ ਦਿੱਤੀ ਕਿ ਜੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਹ ਇੱਕ ਰੁਪਈਆ ਲੈਣ ਦੇ ਵੀ ਰਵਾਦਾਰ ਹੋਏ ਤਾਂ ਪੰਜਾਬੀਆਂ ਦੀਆਂ ਜੁੱਤੀਆਂ ਅਤੇ ਉਨ੍ਹਾਂ ਦਾ ਸਿਰ ਹੋਵੇਗਾ। ਅਕਾਲੀ ਦਲ ਉੱਤੇ ਵਰ੍ਹਦਿਆਂ ਉਨ੍ਹਾਂ ਦਾ ਕਹਿਣਾ ਸੀ ਕਿ ਜੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਐੱਮਪੀ ਬਣਨਾ ਜ਼ਰੂਰੀ ਹੈ ਤਾਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਹੁੰਦਿਆਂ ਇਹ ਪੁੰਨ ਕਿਉਂ ਨਾ ਖੱਟ ਲਿਆ।

ਭਾਰਤੀ ਜਨਤਾ ਪਾਰਟੀ ਦੀ ਮੁਹਿੰਮ ਸਭ ਤੋਂ ਢਿੱਲੀ ਚੱਲ ਰਹੀ ਹੈ। ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਪਣਾ ਕੋਈ ਚੋਣ ਦਫ਼ਤਰ ਨਹੀਂ ਖੋਲਿਆ ਅਤੇ ਚੋਣ ਮੁਹਿੰਮ ਘਰੋਂ ਚਲਾ ਰਹੇ ਹਨ। ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਮੁਹਿੰਮ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੀ ਪੱਕੀ ਵੋਟ ਡੱਟ ਕੇ ਨਾਲ ਖੜੀ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮਲੇਰਕੋਟਲਾ ਵਿਧਾਨ ਸਭਾ ਹਲਕੇ ਵਿੱਚ ਪ੍ਰਚਾਰ ਕੀਤਾ। ਕਈ ਨੌਜਵਾਨ ਸਭਾਵਾਂ ਸਮੇਤ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਾਨ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਗਈ ਹੈ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਇੱਕ ਦਰਜਨ ਦੇ ਕਰੀਬ ਲੀਡਰ ਹਲਕੇ ਵਿੱਚ ਡੇਰਾ ਲਾਈ ਬੈਠੇ ਹਨ। ਮੀਂਹ ਕਾਰਨ ਉਮੀਦਵਾਰਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਪਰ ਨਾਲ ਹੀ ਚੋਣ ਪ੍ਰਚਾਰ ਕਰਨ ਵਿੱਚ ਵੀ ਦਿੱਕਤ ਆ ਰਹੀ ਹੈ। ਵੋਟਾਂ ਵਿੱਚ ਚਾਰ ਦਿਨ ਰਹਿੰਦਿਆਂ ਅੱਜ ਚੋਣ ਪ੍ਰਚਾਰ ਆਮ ਨਾਲੋਂ ਮੱਠਾ ਰਿਹਾ।

Exit mobile version