The Khalas Tv Blog Punjab “ਇੱਕ ਮੌਕਾ ਪਿਆ ਭਾਰੀ, ਇਸ ਵਾਰ ਪੁਰਾਣਿਆਂ ਨੂੰ ਦਿਉ ਵਾਰੀ”
Punjab

“ਇੱਕ ਮੌਕਾ ਪਿਆ ਭਾਰੀ, ਇਸ ਵਾਰ ਪੁਰਾਣਿਆਂ ਨੂੰ ਦਿਉ ਵਾਰੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਲੋਕ ਸਭਾ ਚੋਣਾਂ ਲਈ ਅੱਜ ਛੇ ਵਜੇ ਤੋਂ ਖੁੱਲ੍ਹਮ ਖੁੱਲਾ ਚੋਣ ਪ੍ਰਚਾਰ ਖਤਮ ਹੋ ਗਿਆ ਹੈ। ਵੋਟਾਂ ਪੈਣ ਦੇ ਦਿਨ 23 ਜੂਨ ਤੱਕ ਉਮੀਦਵਾਰ ਵੋਟਰਾਂ ਨਾਲ ਘਰੀਂ ਘਰੀਂ ਜਾ ਕੇ ਸੰਪਰਕ ਕਰਨਗੇ। ਇਸਦੇ ਨਾਲ ਹੀ ਹਲਕੇ ਵਿੱਚ ਆਏ ਬਾਹਰਲੇ ਗੈਰ ਵੋਟਰਾਂ ਨੂੰ ਜ਼ਿਲ੍ਹਾ ਸੰਗਰੂਰ ਛੱਡਣ ਲਈ ਕਹਿ ਦਿੱਤਾ ਗਿਆ ਹੈ। ਨਤੀਜਿਆਂ ਦਾ ਐਲਾਨ 26 ਜੂਨ ਨੂੰ ਕੀਤਾ ਜਾਵੇਗਾ। ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਜਿੱਤਣ ਲਈ ਪੰਜ ਪ੍ਰਮੁੱਖ ਪਾਰਟੀਆਂ ਆਪ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਜਪਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਸਿਰ ਧੜ ਦੀ ਬਾਜ਼ੀ ਲਾ ਰੱਖੀ ਹੈ। ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਦਿੱਤੀ ਹੈ। ਭਾਜਪਾ ਨੂੰ ਉਸ ਵੇਲੇ ਤਕੜਾ ਝਟਕਾ ਲੱਗਾ ਜਦੋਂ ਪਾਰਟੀ ਦੇ ਸੂਬਾ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਆਪ ਵਿੱਚ ਸ਼ਾਮਿਲ ਹੋ ਗਏ।

ਅਸਲ ਵਿੱਚ ਮੁੱਖ ਮੰਤਰੀ ਮਾਨ ਪਿਛਲੇ ਦੋ ਦਿਨਾਂ ਤੋਂ ਜ਼ਿਲ੍ਹੇ ਦੇ ਵਪਾਰੀਆਂ ਨਾਲ ਮੀਟਿੰਗਾਂ ਕਰਨ ਵਿੱਚ ਲੱਗੇ ਹੋਏ ਸਨ ਅਤੇ ਸ਼ਾਮਿਲ ਹੋਣ ਵਾਲਿਆਂ ਵਿੱਚ ਮੁੱਖ ਤੌਰ ਉੱਤੇ ਵਪਾਰੀ ਵਰਗ ਸ਼ਾਮਿਲ ਹੈ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਵਿੱਚ ਪੈਂਦੇ ਨੌਂ ਹਲਕਿਆਂ ਵਿੱਚੋਂ ਆਪ ਨੇ ਸਮੂਹਿਕ ਤੌਰ ਉੱਤੇ ਤਿੰਨ ਲੱਖ 74 ਹਜ਼ਾਰ 299 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ। ਸੁਨਾਮ, ਧੂਰੀ ਅਤੇ ਦਿੜਬਾ ਵਿੱਚ ਜਿੱਤ ਦਾ ਮਾਰਜਨ 50 ਹਜ਼ਾਰ ਤੋਂ ਵੱਧ ਰਿਹਾ ਜਦਕਿ ਸੁਨਾਮ ਤੋਂ ਅਮਨ ਅਰੋੜਾ 75 ਹਜ਼ਾਰ 272 ਰਿਕਾਰਡ ਵੋਟਾਂ ਲੈ ਕੇ ਜਿੱਤੇ ਸਨ। ਇਸ ਤੋਂ ਪਹਿਲਾਂ ਲੋਕ ਸਭਾ ਦੀ 2014 ਅਤੇ 2019 ਦੀ ਚੋਣ ਭਗਵੰਤ ਮਾਨ ਨੇ ਜਿੱਤੀ ਸੀ।

ਆਮ ਆਦਮੀ ਪਾਰਟੀ ਚੋਣ ਪ੍ਰਚਾਰ ਦੌਰਾਨ ਆਪਣੇ ਤਿੰਨ ਮਹੀਨਿਆਂ ਦੀ ਪ੍ਰਾਪਤੀ ਦੇ ਸੋਹਲੇ ਗਾਉਂਦੀ ਰਹੀ ਹੈ ਜਦਕਿ ਵਿਰੋਧੀ ਪਾਰਟੀਆਂ ਪੰਜਾਬ ਦੀ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਨਿਸ਼ਾਨੇ ਸਾਧ ਰਹੀਆਂ ਹਨ। ਕਾਂਗਰਸ ਸਮੇਤ ਦੂਜੀਆਂ ਪਾਰਟੀਆਂ ਨੇ ਇਸ ਵਾਰ ‘ਇੱਕ ਮੌਕਾ ਪਿਆ ਭਾਰੀ, ਇਸ ਵਾਰ ਪੁਰਾਣਿਆਂ ਨੂੰ ਦਿਉ ਵਾਰੀ’ ਦਾ ਗਾਣ ਛੇੜ ਰੱਖਿਆ ਹੈ।

ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਦੋਂ ਕੱਲ ਸੰਗਰੂਰ ਵਿੱਚ ਚੋਣ ਪ੍ਰਚਾਰ ਲਈ ਆਏ ਤਾਂ ਉਨ੍ਹਾਂ ਦਾ ਰੋਡ ਸ਼ੋਅ ਵਿਰੋਧੀਆਂ ਲਈ ਚਰਚਾ ਦੀ ਵਜ੍ਹਾ ਬਣਿਆ ਹੋਇਆ ਹੈ। ਅਰਵਿੰਦ ਕੇਜਰੀਵਾਲ ਰੋਡ ਸ਼ੋਅ ਰਾਹੀਂ ਲੋਕਾਂ ਦੀਆਂ ਇੱਛਾਵਾਂ ਕਬੂਲ ਰਹੇ ਸਨ ਜਦਕਿ ਭਗਵੰਤ ਮਾਨ ਕਾਰ ਦੀ ਤਾਕੀ ਰਾਹੀਂ ਬਾਹਰ ਦੀ ਲੋਕਾਂ ਨੂੰ ਦੁਆ ਸਲਾਮ ਕਰਦੇ ਵੇਖੇ ਗਏ। ਕਈ ਗਾਰਡਾਂ ਨੇ ਭਗਵੰਤ ਮਾਨ ਨੂੰ ਪਿੱਛੇ ਤੋਂ ਬੋਚਿਆ ਹੋਇਆ ਸੀ।

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਇਸ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕੱਲ੍ਹ ਦੇ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਕੇਜਰੀਵਾਲ ਦੇ ਕਾਰ ਨਾਲ ਲਟਕੇ ਹੋਏ ਹਨ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਨੇ ਮਾਨ ਦੀ ਪੁਜੀਸ਼ਨ ਕੀ ਬਣਾ ਦਿੱਤੀ ਹੈ। ਕੇਜਰੀਵਾਲ ਦਿੱਲੀ ਤੋਂ ਪੰਜਾਬ ਦੀ ਹਕੂਮਤ ਚਲਾ ਰਹੇ ਹਨ ਤੇ ਸੂਬੇ ਦੇ ਹਾਲਾਤ ਵੀ ਇਸੇ ਕਰਕੇ ਖਰਾਬ ਹੋ ਰਹੇ ਹਨ।

ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜਿਵੇਂ ਕੱਲ੍ਹ ਭਗਵੰਤ ਮਾਨ ਗੱਡੀ ਨਾਲ ਲਟਕੇ ਹੋਏ ਸਨ, ਉਸ ਨੂੰ ਵੇਖ ਕੇ ਬੜਾ ਦੁੱਖ ਲੱਗਿਆ ਹੈ। ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠੇ ਭਗਵੰਤ ਮਾਨ ਨੂੰ ਕੁਝ ਸੋਚਣਾ ਚਾਹੀਦਾ ਹੈ। ਇਹ ਤਸਵੀਰ ਪੰਜਾਬ ਦੇ ਹਾਲਾਤ ਵਿਖਾਉਂਦੀ ਹੈ। ਕਿਸ ਤਰ੍ਹਾਂ ਇਨ੍ਹਾਂ ਨੇ ਗੋਡੇ ਟੇਕੇ ਹੋਏ ਹਨ ਕੇਜਰੀਵਾਲ ਅੱਗੇ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸਤਰੀ ਵਿੰਗ ਨੇ ਸਾਂਝੇ ਤੌਰ ਉੱਤੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਜਥੇਬੰਦੀਆ ਦੀ ਸਾਂਝੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੌਆਣਾ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ।

Exit mobile version