The Khalas Tv Blog Punjab ED ਨੇ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਨੂੰ ਚਾਰ ਸਾਲਾਂ ਬਾਅਦ ਮੁੜ ਕੀਤਾ ਤਲਬ
Punjab

ED ਨੇ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਨੂੰ ਚਾਰ ਸਾਲਾਂ ਬਾਅਦ ਮੁੜ ਕੀਤਾ ਤਲਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਮੁੜ ਤਲਬ ਕਰ ਲਿਆ ਹੈ। ਈਡੀ ਨੇ ਚਾਰ ਸਾਲਾਂ ਤੋਂ ਵੱਧ ਸਮੇਂ ਮਗਰੋਂ ਰਣਇੰਦਰ ਸਿੰਘ ਨੂੰ ਮੁੜ ਤਲਬ ਕੀਤਾ ਹੈ। ED ਨੇ ਕਥਿਤ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੀ ਉਲੰਘਣਾ ਮਾਮਲੇ ਵਿੱਚ ਰਣਇੰਦਰ ਸਿੰਘ ਨੂੰ 27 ਅਕਤੂਬਰ ਨੂੰ ਤਲਬ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਕੇਂਦਰ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਛੇੜੀ ਹੋਈ ਹੈ। ਜਾਣਕਾਰੀ ਮੁਤਾਬਕ ਰਣਇੰਦਰ ਸਿੰਘ ਵੀ ਪਿਛਲੇ ਦਿਨੀਂ ਪੰਜਾਬ ਦੇ ਇੱਕ ਮੰਤਰੀ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲੇ ਸਨ।

ED ਨੇ ਰਣਇੰਦਰ ਸਿੰਘ ਨੂੰ 21 ਜੁਲਾਈ 2016 ਨੂੰ ਜਾਂਚ ਲਈ ਸੱਦਿਆ ਸੀ। ਰਣਇੰਦਰ ਸਿੰਘ ਵਿਰੁੱਧ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਕੇਸ ਚੱਲ ਰਿਹਾ ਹੈ। ED ਨੇ ਸਵਿਟਜ਼ਰਲੈਂਡ ਨੂੰ ਭੇਜੇ ਗਏ ਫੰਡ, ਜਕਰਾਂਦਾ ਟਰੱਸਟ ਬਣਾਉਣ ਅਤੇ ਬ੍ਰਿਟਿਸ਼ ਵਰਜਨ ਆਈਲੈਂਡ ’ਚ ਪੈਸੇ ਦਾ ਕਥਿਤ ਤੌਰ ’ਤੇ ਲੈਣ-ਦੇਣ ਕਰਨ ਸਬੰਧੀ ਪੁੱਛ ਪੜਤਾਲ ਕੀਤੀ ਸੀ। ਉਸ ਸਮੇਂ ਰਣਇੰਦਰ ਸਿੰਘ ਕੋਲੋਂ ਚਾਰ ਘੰਟੇ ਪੁੱਛਗਿੱਛ ਕੀਤੀ ਗਈ ਸੀ। ਇਸ ਮਾਮਲੇ ਵਿੱਚ ਆਮਦਨ ਕਰ ਵਿਭਾਗ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।

ਕਈ ਕਾਂਗਰਸੀ ਆਗੂ  ED ਵੱਲੋਂ ਲੰਮੇ ਸਮੇਂ ਬਾਅਦ ਰਣਇੰਦਰ ਸਿੰਘ ਨੂੰ ਦੁਬਾਰਾ ਤਲਬ ਕਰਨ ਦੇ ਮਾਮਲੇ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ‘ਕੇਂਦਰ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ। ਇਹ ਪੰਜਾਬ ਦੀ ਆਵਾਜ਼ ਹੈ, ਦੇਸ਼ ਭਰ ਦੇ ਕਿਸਾਨਾਂ ਦੀ ਆਵਾਜ਼ ਹੈ। ਜ਼ਰਾ ED ਦੇ ਸੰਮਨ ਦੀ ਟਾਇਮਿੰਗ ਤਾਂ ਦੇਖੋ। ਆਵਾਜ਼ ਚੁੱਕੋਗੇ ਤਾਂ ED, Income Tax, CBI ਸਭ ਤੁਹਾਡੇ ਪਿੱਛੇ ਖੜੇ ਕਰ ਦਿੱਤੇ ਜਾਣਗੇ। ਇਹੀ ਮੈਸੇਜ ਹੈ ਨਾ, ਇਹੀ ਸੰਦੇਸ਼ ਹੈ?’

Exit mobile version