ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਬਕਾ ਸਬ ਪੋਸਟਮਾਸਟਰ (ਦਖਣੀ ਗੇਟ ਨਕੋਦਰ ਸਬ ਆਫਿਸ) ਸੰਜੀਵ ਕੁਮਾਰ ਦੀਆਂ 42 ਲੱਖ ਰੁਪਏ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਇਹ ਜਾਣਕਾਰੀ ਜਲੰਧਰ ਈਡੀ ਵੱਲੋਂ ਸਾਂਝੀ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਨੇ ਕਿਹਾ ਕਿ ਸੰਦੀਪ ਕੁਮਾਰ ਤੋਂ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸੰਜੀਵ ਵਿਰੁੱਧ PMLA 2002 ਦੇ ਤਹਿਤ ਕੀਤੀ ਗਈ ਸੀ।
ਅਦਾਲਤ ਨੇ ਸੰਜੀਵ ‘ਤੇ 15 ਲੱਖ ਦਾ ਜੁਰਮਾਨਾ ਲਗਾਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, 8.50 ਕਰੋੜ ਰੁਪਏ ਦੇ ਗਬਨ ਦੇ ਦੋਸ਼ੀ ਸਾਬਕਾ ਸਬ-ਪੋਸਟਮਾਸਟਰ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਮੋਹਾਲੀ ਅਦਾਲਤ ਨੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ, ਜਲੰਧਰ ਨਿਵਾਸੀ ਸੰਜੀਵ ਕੁਮਾਰ ‘ਤੇ 15.40 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਸੰਜੀਵ ‘ਤੇ 2014 ਤੋਂ 2017 ਦਰਮਿਆਨ ਨਕੋਦਰ ਅਤੇ ਰੁੜਕਾ ਕਲਾਂ ਵਿਖੇ ਆਪਣੀ ਤਾਇਨਾਤੀ ਦੌਰਾਨ ਸਬ-ਪੋਸਟਮਾਸਟਰ ਦੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਜਾਅਲਸਾਜ਼ੀ ਅਤੇ ਸਰਕਾਰੀ ਫੰਡਾਂ ਦੀ ਗਬਨ ਕਰਨ ਦਾ ਦੋਸ਼ ਹੈ। ਇਹ ਮਾਮਲਾ ਕਪੂਰਥਲਾ ਡਾਕਘਰ ਦੇ ਸੁਪਰਡੈਂਟ ਦਿਲਬਾਗ ਸਿੰਘ ਸੂਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ।
ਸੀਬੀਆਈ ਨੇ 2018 ਵਿੱਚ ਕੇਸ ਦਰਜ ਕੀਤਾ ਸੀ
ਸੀਬੀਆਈ ਦਸਤਾਵੇਜ਼ਾਂ ਅਨੁਸਾਰ, ਮੁਲਜ਼ਮਾਂ ਨੇ 54 ਜਾਅਲੀ ਖਾਤਿਆਂ ਰਾਹੀਂ ਪੈਸੇ ਦੀ ਹੇਰਾਫੇਰੀ ਕੀਤੀ ਸੀ। ਸੀਬੀਆਈ ਨੇ ਜਨਵਰੀ 2018 ਵਿੱਚ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 120-ਬੀ, 409, 420, 467, 468, 471, 477-ਏ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕੀਤਾ ਸੀ।