ਤੇਲਗੂ ਅਦਾਕਾਰ ਮਹੇਸ਼ ਬਾਬੂ ED ਦੇ ਰੇਡਾਰ ਤੇ ਆ ਚੁੱਕਾ ਹੈ ਅਤੇ ਮਹੇਸ਼ ਬਾਬੂ ਨੂੰ ਕਥਿਤ ਰੀਅਲ ਅਸਟੇਟ ਧੋਖਾਧੜੀ ਦੇ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ ਪੜਤਾਲ ਲਈ ਤਲਬ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਾਬੂ ਨੂੰ 28 ਅਪਰੈਲ ਨੂੰ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ।
ਇਹ ਮਾਮਲਾ ਪ੍ਰਮੁੱਖ ਰੀਅਲ ਅਸਟੇਟ ਫਰਮ ਸਾਈ ਸੂਰਿਆ ਡਿਵੈਲਪਰਜ਼, ਸੁਰਾਨਾ ਗਰੁੱਪ ਅਤੇ ਕੁਝ ਹੋਰਾਂ ਨਾਲ ਸਬੰਧਤ ਹੈ। ਈਡੀ ਨੇ 16 ਅਪਰੈਲ ਨੂੰ ਸਿਕੰਦਰਾਬਾਦ, ਜੁਬਲੀ ਹਿਲਜ਼ ਅਤੇ ਬੋਵਨਪੱਲੀ ਵਿੱਚ ਸਥਿਤ ਅਹਾਤਿਆਂ ’ਤੇ ਛਾਪਾ ਮਾਰਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਬਾਬੂ ਤੋਂ ਹਾਲਾਂਕਿ ਇਸ ਵੇਲੇ ਮੁਲਜ਼ਮ ਵਜੋਂ ਜਾਂਚ ਨਹੀਂ ਕੀਤੀ ਜਾ ਰਹੀ ਹੈ ਅਤੇ ਹੋ ਸਕਦਾ ਹੈ ਕਿ ਉਹ ਘੁਟਾਲੇ ਵਿੱਚ ਸ਼ਾਮਲ ਨਾ ਹੋਵੇ। ਉਨ੍ਹਾਂ ਕਿਹਾ ਕਿ ਏਜੰਸੀ 5.9 ਕਰੋੜ ਰੁਪਏ ਦੇ ਲੈਣ-ਦੇਣ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਅਦਾਕਾਰ ਨੂੰ ਕੰਪਨੀਆਂ ਤੋਂ ਚੈੱਕ ਅਤੇ ਨਕਦੀ ਰਾਹੀਂ ਪ੍ਰਾਪਤ ਹੋਏ ਸਨ।