ਉੱਤਰਾਖੰਡ ( Uttarakhand ) ਦੇ ਪਿਥੌਰਾਗੜ੍ਹ ‘ਚ ਐਤਵਾਰ ਸਵੇਰੇ ਭੂਚਾਲ ( Earthquake ) ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.8 ਮਾਪੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਐਤਵਾਰ ਸਵੇਰੇ 8.58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਉੱਤਰਾਖੰਡ ਦੇ ਪਿਥੌਰਾਗੜ੍ਹ ਤੋਂ 23 ਕਿਲੋਮੀਟਰ ਉੱਤਰੀ ਪੱਛਮ ਵੱਲ ਸੀ।
ਪਿਥੌਰਾਗੜ੍ਹ ‘ਚ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਮੁਤਾਬਕ ਬਹੁਤ ਜ਼ਿਆਦਾ ਨਹੀਂ ਸੀ ਪਰ ਸਿਰਫ 3.8 ਤੀਬਰਤਾ ਦੇ ਭੂਚਾਲ ਨੇ ਉੱਥੇ ਦੇ ਲੋਕਾਂ ਨੂੰ ਡਰਾ ਦਿੱਤਾ ਹੈ। ਅਸਲ ‘ਚ ਉੱਤਰਾਖੰਡ ਦੇ ਜੋਸ਼ੀਮਠ ‘ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚਾਲੇ ਉਤਰਾਖੰਡ ਦੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਚੌਕਸ ਹੋ ਗਏ ਹਨ।
ਦੱਸ ਦੇਈਏ ਕਿ ਜੋਸ਼ੀਮਠ ਹਾਦਸੇ ਤੋਂ ਬਾਅਦ ਉੱਤਰਾਖੰਡ ਦੇ ਕਈ ਹਿੱਸਿਆਂ ਤੋਂ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜੋਸ਼ੀਮਠ ਹੀ ਨਹੀਂ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ ‘ਚ ਦਰਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਰਿਸ਼ੀਕੇਸ਼ ਤੋਂ ਕੁਝ ਦੂਰ, ਕਰਨਾਪ੍ਰਯਾਗ, ਰੁਦਰਪ੍ਰਯਾਗ, ਨੈਨੀਤਾਲ, ਉੱਤਰਕਾਸ਼ੀ ਵੀ ਵੱਡੀਆਂ ਦਰਾੜਾਂ ਤੋਂ ਅਛੂਤੇ ਨਹੀਂ ਰਹੇ। ਇਨ੍ਹਾਂ ਸਾਰੀਆਂ ਥਾਵਾਂ ਦੀ ਹਾਲਤ ਨੂੰ ਲੈ ਕੇ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ‘ਚ ਜੋਸ਼ੀਮੱਠ ਵਰਗੀ ਹਾਲਤ ਨਾ ਹੋ ਜਾਵੇ।